ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇਂ-ਸਮੇਂ 'ਤੇ ਦਾਸ ਨੂੰ ਵੀ ਖ਼ਾਲਿਸਤਾਨ ਦੇ ਨਿਸ਼ਾਨੇ ਤੋਂ ਥਿੜਕਾਉਣ ਦੀ ਕਾਰਵਾਈ ਕਰਦੇ ਆ ਰਹੇ ਹਨ।

ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : “ਮੇਰੇ ਦੋਹਤੇ ਸ. ਗੋਵਿੰਦ ਸਿੰਘ ਦਾ ਬੀਤੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ । ਬੇਸ਼ੱਕ ਮੈਂ ਉਸ ਦਿਨ ਚੰਡੀਗੜ੍ਹ ਵਿਚ ਹੀ ਸੀ ਪਰ ਜਦੋਂ ਬੱਚਿਆਂ ਤੇ ਪਰਿਵਾਰ ਨੇ ਵਿਆਹ ਮੌਕੇ ਛੱਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੀ ਰਸਮ ਕੀਤੀ ਗਈ, ਉਸ ਕਾਰਜ ਸਮੇਂ ਮੈਂ ਉੱਥੇ ਨਹੀ ਸੀ । ਮੈਨੂੰ ਤਾਂ ਸਿੱਖ ਰਹਿਤ ਮਰਿਯਾਦਾ ਦੀ ਪੂਰੀ ਜਾਣਕਾਰੀ ਵੀ ਹੈ ਅਤੇ ਛੱਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ । ਜੇਕਰ ਮੈਂ ਮੌਕੇ 'ਤੇ ਹੁੰਦਾ ਤਾਂ ਮੈਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਹਰ ਕੀਮਤ 'ਤੇ ਵਰਜ ਦੇਣਾ ਸੀ । ਕਿਉਂਕਿ ਮੈਂ ਗੋਵਿੰਦ ਸਿੰਘ ਦੇ ਨਾਨਾ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁੱਖ ਸੇਵਾਦਾਰ ਵੀ ਹਾਂ । ਇਸ ਲਈ ਮੈਂ ਇਸ ਹੋਈ ਗੁਸਤਾਖੀ ਲਈ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਮੀਰੀ-ਪੀਰੀ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਖ਼ਾਲਸਾ ਪੰਥ ਤੋਂ ਆਤਮਿਕ ਤੌਰ 'ਤੇ ਮਾਫ਼ੀ ਮੰਗਦਾ ਹਾਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦੋਹਤੇ ਸ. ਗੋਵਿੰਦ ਸਿੰਘ ਦੀ ਸ਼ਾਦੀ ਸਮੇਂ ਹੋਈਆਂ ਰਸਮਾਂ ਵਿਚ ਹੋਈ ਬਜਰ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਤੋਂ ਹਾਰਦਿਕ ਮਾਫ਼ੀ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇਂ-ਸਮੇਂ 'ਤੇ ਦਾਸ ਨੂੰ ਵੀ ਖ਼ਾਲਿਸਤਾਨ ਦੇ ਨਿਸ਼ਾਨੇ ਤੋਂ ਥਿੜਕਾਉਣ ਦੀ ਕਾਰਵਾਈ ਕਰਦੇ ਆ ਰਹੇ ਹਨ। ਉਹ ਤਾਕਤਾਂ ਤੇ ਲੋਕ ਮੇਰੇ ਨਾਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਵਿਰੁੱਧ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਪ੍ਰਚਾਰ ਕਰ ਰਹੇ ਹਨ । ਪਰ ਉਹ ਕਦੀ ਵੀ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਆਪਣੇ ਕੌਮੀ ਨਿਸ਼ਾਨੇ ਤੋਂ ਥਿੜਕਾਉਣ ਵਿਚ ਕਾਮਯਾਬ ਨਹੀਂ ਹੋ ਸਕਣਗੇ । ਬੇਸ਼ੱਕ ਵੱਡੇ ਕੌਮੀ ਸੰਘਰਸ਼ਾਂ ਵਿਚ ਕਿਤੇ ਨਾ ਕਿਤੇ ਕੋਈ ਗਲਤੀ ਜਾਂ ਕਮੀ ਰਹਿ ਜਾਂਦੀ ਹੈ । ਪਰ ਅਸੀ ਉਨ੍ਹਾਂ ਕਮੀਆਂ ਉਨਤਾਈਆ ਨੂੰ ਦੂਰ ਕਰਦੇ ਹੋਏ ਆਪਣੀ ਕੌਮੀ ਮੰਜ਼ਿਲ ਦੀ ਪ੍ਰਾਪਤੀ ਹੋਣ ਤੱਕ ਅਡੋਲ ਵੱਧਦੇ ਰਹਾਂਗੇ ਅਤੇ ਸੰਘਰਸ਼ ਕਰਦੇ ਰਹਾਂਗੇ ।
ਇਸੇ ਲੜੀ ਵਿਚ ਅਸੀਂ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜ੍ਹ ਹੋਣ ਲਈ ਹਰ ਸਾਲ ਫਤਹਿਗੜ੍ਹ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਦਿਨ ਸਮਾਗਮ ਮਨਾਉਦੇ ਹਾਂ । ਸਮੁੱਚੇ ਖਾਲਸਾ ਪੰਥ ਤੋਂ ਉਮੀਦ ਕਰਦੇ ਹਾਂ ਕਿ ਜਿਥੇ ਉਹ ਮੇਰੇ ਪਰਿਵਾਰਿਕ ਬੱਚਿਆਂ ਤੋ ਹੋਈ ਬਜਰ ਗੁਸਤਾਖੀ ਲਈ ਉਹ ਮਾਫ਼ ਕਰ ਦੇਣਗੇ, ਉਥੇ ਉਹ ਆਪਣੇ ਕੌਮੀ ਨਿਸ਼ਾਨੇ ਲਈ ਹੋਰ ਸੁਹਿਰਦ ਹੁੰਦੇ ਹੋਏ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੁੰਮ ਹੁਮਾਕੇ ਪਹੁੰਚਣ ਦੀ ਕੌਮੀ ਜ਼ਿੰਮੇਵਾਰੀ ਵੀ ਪੂਰਨ ਕਰਨਗੇ ।