ਪੰਜਾਬੀ ਯੂਨੀਵਰਸਿਟੀ ਦਾ ਅਮਲਾ ਸਿਰਫ਼ ਪੰਜਾਬੀ ’ਚ ਕਰੇਗਾ ਦਸਤਖ਼ਤ, ਪੰਜਾਬੀ ਭਾਸ਼ਾ ਦੇ ਸਤਿਕਾਰ ਤੇ ਪਸਾਰ ਲਈ ਚੁੱਕਿਆ ਵੱਡਾ ਤੇ ਅਹਿਮ ਕਦਮ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਵੱਲੋਂ ਜਾਰੀ ਹੁਕਮਾਂ ਮੁਤਾਬਕ ਯੂਨੀਵਰਸਿਟੀ ਦੀਆਂ ਸਾਰੀਆਂ ਸ਼ਾਖਾਵਾਂ, ਵਿਭਾਗਾਂ ਤੇ ਪ੍ਰਬੰਧਕੀ ਦਫ਼ਤਰਾਂ ’ਚ ਹੁਣ ਫਾਈਲਾਂ ਤੇ ਹੋਰ ਦਸਤਾਵੇਜ਼ਾਂ ’ਤੇ ਦਸਤਖ਼ਤ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ’ਚ ਹੀ ਕੀਤੇ ਜਾਣਗੇ।
Publish Date: Fri, 28 Nov 2025 09:27 AM (IST)
Updated Date: Fri, 28 Nov 2025 09:30 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਸਤਿਕਾਰ ਤੇ ਪਸਾਰ ਲਈ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਨਵਾਂ ਹੁਕਮ ਜਾਰੀ ਕਰਦਿਆਂ ਸਮੁੱਚੇ ਦਫ਼ਤਰੀ ਕੰਮਕਾਜ ’ਚ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਪੰਜਾਬੀ ’ਚ ਦਸਤਖ਼ਤ ਕਰਨੇ ਲਾਜ਼ਮੀ ਕਰ ਦਿੱਤੇ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਵੱਲੋਂ ਜਾਰੀ ਹੁਕਮਾਂ ਮੁਤਾਬਕ ਯੂਨੀਵਰਸਿਟੀ ਦੀਆਂ ਸਾਰੀਆਂ ਸ਼ਾਖਾਵਾਂ, ਵਿਭਾਗਾਂ ਤੇ ਪ੍ਰਬੰਧਕੀ ਦਫ਼ਤਰਾਂ ’ਚ ਹੁਣ ਫਾਈਲਾਂ ਤੇ ਹੋਰ ਦਸਤਾਵੇਜ਼ਾਂ ’ਤੇ ਦਸਤਖ਼ਤ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ’ਚ ਹੀ ਕੀਤੇ ਜਾਣਗੇ। ਵਾਈਸ ਚਾਂਸਲਰ ਦਾ ਮੰਨਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਪਸਾਰ ਕਰਨਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰਸ਼ਾਸਕੀ ਪੱਧਰ ’ਤੇ ਵੀ ਪੰਜਾਬੀ ਪੂਰਨ ਰੂਪ ’ਚ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਗੱਲਬਾਤ ਦਾ ਜ਼ਰੀਆ ਨਹੀਂ, ਸਗੋਂ ਸਾਡੀ ਪਛਾਣ ਹੈ ਤੇ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਭਾਵ ਯੂਨੀਵਰਸਿਟੀ ਤੋਂ ਹੀ ਕਰਨੀ ਪਵੇਗੀ।
ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਚਾਰੇ ਪਾਸਿਓਂ ਸਵਾਗਤ ਕੀਤਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ਨਾਲ ਜੁੜੇ ਵਿਦਵਾਨਾਂ, ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ, ਵਿਦਿਆਰਥੀ ਜਥੇਬੰਦੀਆਂ ਤੇ ਪ੍ਰੋਫੈਸਰਾਂ ਨੇ ਵੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉੱਚ ਅਧਿਕਾਰੀ ਪੰਜਾਬੀ ਵਿੱਚ ਦਸਤਖ਼ਤ ਕਰਨਗੇ, ਤਾਂ ਇਸ ਦਾ ਹੇਠਲੇ ਪੱਧਰ ਤੱਕ ਸਕਾਰਾਤਮਕ ਸੁਨੇਹਾ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀ ਦੇ ਸਾਰੇ ਪੱਤਰ-ਵਿਹਾਰ ਵੀ ਸਖ਼ਤੀ ਨਾਲ ਪੰਜਾਬੀ ’ਚ ਕਰਨ ਦੇ ਹੁਕਮਾਂ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ।