ਜ਼ਿਕਰਯੋਗ ਹੈ ਕਿ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ 8 ਕਰੋੜ 10 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ। ਇਸ ਤੋਂ ਪਰੇਸ਼ਾਨ ਹੋ ਕੇ ਚਾਹਲ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਏ ਦੀ ਸਾਈਬਰ ਠੱਗੀ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਨੇ ਮਹਾਰਾਸ਼ਟਰ ਦੀ ਸਥਾਨਕ ਪੁਲਿਸ ਦੀ ਮਦਦ ਨਾਲ ਮਹਾਰਾਸ਼ਟਰ ’ਚ ਭਾਜਪਾ ਆਗੂ ਸਮੇਤ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਦੇਸ਼ ਭਰ ਵਿੱਚ ਲੋਕਾਂ ਨੂੰ ਇਨਵੈਸਟਮੈਂਟ ਦੇ ਨਾਮ ’ਤੇ ਡਿਜੀਟਲ ਤਰੀਕਿਆਂ ਨਾਲ ਠੱਗੀ ਮਾਰਨ ਦਾ ਕੰਮ ਕਰ ਰਿਹਾ ਸੀ। ਪੰਜਾਬ ਪੁਲਿਸ ਹੁਣ ਤੱਕ ਇਸ ਮਾਮਲੇ ’ਚ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ’ਚ ਚੰਦਰ ਕਾਂਤ, ਲਖਣ ਸ਼੍ਰੀ ਚੰਦ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ, ਅਸ਼ੀਸ਼ ਕੁਮਾਰ ਤੇ ਮੁਹੰਮਦ ਹਾਸਰੀ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇ ਇਕ ਹੋਰ ਸਾਥੀ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ 8 ਕਰੋੜ 10 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ। ਇਸ ਤੋਂ ਪਰੇਸ਼ਾਨ ਹੋ ਕੇ ਚਾਹਲ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਪਟਿਆਲਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਇਬਰ ਸੈੱਲ ’ਚ ਤੁਰੰਤ ਪਰਚਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ’ਚ ਹੁਣ ਤੱਕ 8 ਕਰੋੜ ’ਚੋਂ ਵੱਖ-ਵੱਖ ਖਾਤਿਆਂ ’ਚ ਗਈ ਕਰੀਬ ਤਿੰਨ ਕਰੋੜ ਦੀ ਰਾਸ਼ੀ ਫਰੀਜ ਕਰਵਾਈ ਜਾ ਚੁੱਕੀ ਹੈ। ਵਿਸ਼ੇਸ਼ ਟੀਮਾਂ ਦਾ ਗਠਨ ਕਰ ਕੇ ਤਕਨੀਕੀ ਜਾਂਚ ਤੇ ਬੈਂਕ ਖਾਤਿਆਂ ਦੀ ਡਿਟੇਲ ਖੰਗਾਲਣ ਤੋਂ ਬਾਅਦ ਪਤਾ ਲੱਗਿਆ ਕਿ ਗਿਰੋਹ ਦੀਆਂ ਤਾਰਾਂ ਮਹਾਰਾਸ਼ਟਰ ਨਾਲ ਜੁੜੀਆਂ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਸਾਇਬਰ ਸੈੱਲ ਟੀਮ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕਰਨ ਲਈ ਗਈ। ਬੀਤੇ ਦਿਨੀਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚ ਇਕ ਭਾਜਪਾ ਦਾ ਸਥਾਨਕ ਆਗੂ ਹੈ। ਜੋ ਭਾਰਤੀ ਜਨਤਾ ਪਾਰਟੀ ਦਾ ਮੰਡਲ ਪ੍ਰਧਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। ਗਿਰੋਹ ਤੋਂ ਕਰੀਬ 500 ਸਿਮ ਕਾਰਡ ਤੋਂ ਇਲਾਵਾ ਤਿੰਨ ਦਰਜਨ ਮੋਬਾਈਲ ਫੋਨ ਰਿਕਵਰ ਹੋਏ ਹਨ। ਸਾਰੇ ਸਿਮ ਮਜ਼ਦੂਰਾਂ ਦੇ ਨਾਂ ਵੀ ਲਏ ਗਏ ਹਨ। ਪਟਿਆਲਾ ਪੁਲਿਸ ਨੂੰ ਮੁਲਜ਼ਮਾਂ ਤੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਪੈਸਿਆਂ ਦੀ ਰਿਕਵਰੀ ਨਹੀਂ ਹੋ ਸਕੀ। ਓਧਰ ਸਾਈਬਰ ਕ੍ਰਾਈਮ ਟੀਮ ਨੇ ਸਵਾ ਤਿੰਨ ਕਰੋੜ ਰੁਪਏ ਦੇ ਆਸਪਾਸ ਦੀ ਰਕਮ ਫਰੀਜ਼ ਕੀਤੀ ਹੈ।