ਜਿਸ ਨਾਲ ਸੀਆਈਏ ਸਟਾਫ ਨੂੰ ਜਵਾਬੀ ਕਾਰਵਾਈ ਕਰਨੀ ਪਈ। ਉਨ੍ਹਾਂ ਦੱਸਿਆ ਕਿ ਦੋਵੇਂ ਗੈਂਗਸਟਰਾਂ ਦੇ ਲੱਤਾਂ ਵਿੱਚ ਗੋਲੀ ਲੱਗੀ ਹੈ ਪਰ ਉਨ੍ਹਾਂ ਨੂੰ ਫੜ ਲਿਆ ਗਿਆ ਹੈ ਤੇ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪਰਗਟ ਸਿੰਘ, ਪੰਜਾਬੀ ਜਾਗਰਣ•, ਪਟਿਆਲਾ : ਐਤਵਾਰ ਨੂੰ ਭਾਦਸੋਂ ਰੋਡ ’ਤੇ ਪਟਿਆਲਾ ਪੁਲਿਸ ਵੱਲੋਂ ਕੀਤੇ ਇੱਕ ਪੁਲਿਸ ਮੁਕਾਬਲੇ ’ਚ ਬੰਬੀਹਾ ਗਿਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਕਾਬਲੇ ਦੌਰਾਨ ਕਾਬੂ ਕੀਤੇ ਗੈਂਗਸਟਰਾਂ ਦੀ ਪਛਾਣ ਹਰਪ੍ਰੀਤ ਸਿੰਘ ਮੱਖਣ (24) ਵਾਸੀ ਪਿੰਡ ਸੈਫਦੀਪੁਰ ਜਿਲ੍ਹਾ ਪਟਿਆਲਾ ਅਤੇ ਗੌਤਮ ਬਾਦਸ਼ਾਹ (20) ਵਾਸੀ ਕੰਡਾ ਬਸਤੀ ਬੌੜਾ ਗੇਟ ਨਾਭਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਹ ਮੁਕਾਬਲਾ ਐਤਵਾਰ ਦੁਪਹਿਰ 2 ਤੋਂ 3 ਵਜੇ ਦੇ ਦਰਮਿਆਨ ਹੋਇਆ ਜਦੋਂ ਦੋਵੇਂ ਸ਼ੂਟਰ ਭਾਦਸੋਂ ਰੋਡ ਰਾਹੀਂ ਪਿੰਡ ਦੀ ਲਿੰਕ ਸੜਕ ਰਾਹੀਂ ਸਰਹਿੰਦ ਵੱਲ ਜਾ ਰਹੇ ਸਨ। ਜ਼ਖਮੀ ਗੈਂਗਸਟਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਦੌਰਾਨ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਦੋ 30 ਬੋਰ ਦੇ ਪਿਸਤੌਲ, ਪੰਜ ਕਾਰਤੂਸ ਅਤੇ ਪੰਜ ਖੋਲ, ਬਿਨਾਂ ਨੰਬਰ ਪਲੇਟ ਦਾ ਮੋਟਰਸਾਈਕਲ ਬਰਾਮਦ ਹੋਏ ਹਨ। ਐੱਸਐੱਸਪੀ ਨੇ ਦੱਸਿਆ ਕਿ ਪਟਿਆਲਾ ਵਿਚ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਬਾਜਵਾ ਆਪਣੀ ਟੀਮ ਨਾਲ ਭਾਖੜਾ ਨਹਿਰ ਪੁਲ ਨੇੜੇ ਪਿੰਡ ਰੋਂਗਲਾ ਸਾਈਡ ਵਿੱਚ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦਵਿੰਦਰ ਬੰਬੀਹਾ ਗੈਂਗ ਦੇ ਗੁਰਗੇ ਇਸ ਇਲਾਕੇ ਵਿੱਚੋਂ ਲੰਘ ਸਕਦੇ ਹਨ। ਇਸ ਤੋਂ ਬਾਅਦ ਐੱਸਪੀ (ਡੀ) ਗੁਰਬੰਸ ਸਿੰਘ ਬੈਂਸ ਅਤੇ ਡੀਐੱਸਪੀ (ਡੀ) ਰਾਜੇਸ਼ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਨੇ ਇਲਾਕੇ ਵਿਚ ਨਾਕਾਬੰਦੀ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜੋ ਮੋਟਰਸਾਈਕਲ 'ਤੇ ਸਵਾਰ ਸਨ, ਸਰਹਿੰਦ ਜਾਂਦੇ ਹੋਏ ਭਾਦਸੋਂ ਨੇੜਲੇ ਪਿੰਡਾਂ ਵਿੱਚੋਂ ਲੰਘੇ ਤੇ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਸੀਆਈਏ ਸਟਾਫ ਨੂੰ ਜਵਾਬੀ ਕਾਰਵਾਈ ਕਰਨੀ ਪਈ। ਉਨ੍ਹਾਂ ਦੱਸਿਆ ਕਿ ਦੋਵੇਂ ਗੈਂਗਸਟਰਾਂ ਦੇ ਲੱਤਾਂ ਵਿੱਚ ਗੋਲੀ ਲੱਗੀ ਹੈ ਪਰ ਉਨ੍ਹਾਂ ਨੂੰ ਫੜ ਲਿਆ ਗਿਆ ਹੈ ਤੇ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮੁਲਜ਼ਮਾਂ ਵਿਰੁੱਧ ਇਹ ਮਾਮਲੇ ਨੇ ਦਰਜ :
ਜਾਣਕਾਰੀ ਅਨੁਸਾਰ ਮੁਲਜ਼ਮ ਗੈਂਗਸਟਰ ਹਰਪ੍ਰੀਤ ਮੱਖਣ 'ਤੇ ਕਤਲ, ਕਤਲ ਦੀ ਕੋਸ਼ਿਸ਼ ਤੇ ਡਕੈਤੀ ਸਮੇਤ ਸੱਤ ਕੇਸ ਮਾਮਲੇ ਦਰਜ ਹਨ। ਉਸ ਦੇ ਵਿਰੁੱਧ ਸਦਰ ਪੁਲਿਸ ਸਟੇਸ਼ਨ ਪਟਿਆਲਾ ਵਿਖੇ ਦੋਹਰੇ ਕਤਲ ਦਾ ਮਾਮਲਾ ਦਰਜ ਹੈ ਅਤੇ ਉਹ ਬਲੌਂਗੀ ਪੁਲਿਸ ਸਟੇਸ਼ਨ ਅਤੇ ਮੋਹਾਲੀ ਜ਼ਿਲ੍ਹੇ ਵਿਚ ਮਾਮਲਿਆਂ ਵਿਚ ਭਗੌੜਾ ਹੈ। ਬਾਦਸ਼ਾਹ 'ਤੇ ਕਤਲ, ਕਤਲ ਦੀ ਕੋਸ਼ਿਸ਼ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਚਾਰ ਮਾਮਲੇ ਦਰਜ ਹਨ।