ਯੂਨੀਵਰਸਿਟੀ ਵਿਚ ਇਸ ਵੱਡੀ ਚੋਰੀ ਨੂੰ ਫੜਨ ਵਾਲੇ ਡਾ. ਪ੍ਰਮੋਦ ਅਗਰਵਾਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਚੱਲ ਰਹੇ ਇਸ ਵੱਡੇ ਘੋਟਾਲੇ ਦੇ ਖੁਲਾਸੇ ਨੇ ਭ੍ਰਿਸ਼ਟਾਚਾਰੀਆਂ ਦੇ ਚਿਹਰੇ ਨੰਗੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਕਈ ਸਾਲਾਂ ਤੋਂ ਚੱਲ ਰਹੀ ਲੁੱਟ ਨੂੰ ਠੱਲ੍ਹ ਪਈ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਭਵਿੱਖ ਵਿੱਚ ਵਿਦਿਆਰਥੀਆਂ ਅਤੇ ਸੰਸਥਾ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇੱਕ ਵੱਡਾ ਵਿੱਤੀ ਘਪਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਕਰੀਬ ਨੌਂ ਸਾਲਾਂ ਤੋਂ ਚੱਲ ਰਹੇ ਲਗਭਗ 14 ਕਰੋੜ ਰੁਪਏ ਦੇ ਘੋਟਾਲੇ ਦੀਆਂ ਪਰਤਾਂ ਖੋਲ੍ਹਣ ਵਿਚ ਅੰਦਰੂਨੀ ਆਡਿਟ ਬ੍ਰਾਂਚ ਦੀ ਭੂਮਿਕਾ ਅਹਿਮ ਰਹੀ ਹੈ। 2021 ਤੋਂ ਚੱਲ ਰਹੀ ਜਾਂਚ ਸਬੰਧੀ ਜੂਨ 2025 ਵਿੱਚ ਵਾਈਸ ਚਾਂਸਲਰ ਦਫ਼ਤਰ ਨੂੰ ਸੌਂਪੀ ਗਈ ਰਿਪੋਰਟ ਨੇ ਸਿੱਧ ਕੀਤਾ ਹੈ ਕਿ ਇਹ ਗੜਬੜੀ ਸਾਲ 2012 ਤੋਂ ਲਗਾਤਾਰ ਚੱਲ ਰਹੀ ਸੀ। ਇਸ ਰਿਪੋਰਟ ਤੋਂ ਬਾਅਦ ਹੁਣ ਹੋਰ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।
ਕਿਵੇਂ ਹੋਈ ਘਪਲੇ ਦੀ ਸ਼ੁਰੂਆਤ ਅਤੇ ਖੁਲਾਸਾ?
ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵਿੱਚ ਵਿੱਤੀ ਪਾਰਦਰਸ਼ਤਾ ਲਿਆਉਣ ਲਈ ਸਾਲ 2020 ਵਿੱਚ ਪਹਿਲੀ ਵਾਰ ‘ਅੰਦਰੂਨੀ ਆਡਿਟ ਬ੍ਰਾਂਚ’ ਸਥਾਪਤ ਕੀਤੀ ਗਈ ਸੀ। ਇਸ ਦਾ ਜਿੰਮਾ ਪ੍ਰੋ. ਆਰਕੇ ਗੋਇਲ (ਇੰਚਾਰਜ) ਅਤੇ ਡਾ. ਪ੍ਰਮੋਦ ਅਗਰਵਾਲ ਕੋ-ਆਰਡੀਨੇਟਰ ਨੂੰ ਸੌਂਪਿਆ ਗਿਆ ਸੀ। ਮਾਮਲੇ ਦਾ ਖੁਲਾਸਾ ਅਪ੍ਰੈਲ 2021 ਵਿੱਚ ਉਸ ਸਮੇਂ ਹੋਇਆ, ਜਦੋਂ ਕਮਿਸਟਰੀ ਵਿਭਾਗ ਵੱਲੋਂ ਸਟੇਸ਼ਨਰੀ ਖ਼ਰੀਦ ਦਾ ਇੱਕ ਬਿੱਲ ਪਾਸ ਹੋਣ ਲਈ ਆਇਆ। ਆਡਿਟ ਕੋ-ਆਰਡੀਨੇਟਰ ਡਾ. ਪ੍ਰਮੋਦ ਅਗਰਵਾਲ ਨੇ ਨੋਟ ਕੀਤਾ ਕਿ ਇਸ ਬਿੱਲ ਉੱਤੇ ਕੀਤੇ ਹਸਤਾਖਰ ਬਾਕੀ ਬਿੱਲਾਂ ਨਾਲੋਂ ਵੱਖਰੇ ਸਨ। ਸ਼ੱਕ ਪੈਣ ’ਤੇ ਜਦੋਂ ਸਬੰਧਿਤ ਵਿਭਾਗ ਮੁਖੀ ਤੋਂ ਪੜਤਾਲ ਕੀਤੀ ਗਈ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਪਤਾ ਲੱਗਿਆ ਕਿ ਜਿਸ ਸਕੀਮ ਤਹਿਤ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਸਕੀਮ ਤਾਂ ਸਾਲ 2018 ਵਿੱਚ ਹੀ ਬੰਦ ਹੋ ਚੁੱਕੀ ਸੀ। ਹੋਰ ਡੂੰਘਾਈ ਨਾਲ ਦੇਖਣ ’ਤੇ ਉਸੇ ਵਿਭਾਗ ਦੇ 7 ਹੋਰ ਅਜਿਹੇ ਬਿੱਲ ਮਿਲੇ, ਜਿਨ੍ਹਾਂ ਵਿੱਚ ਦਰਜ ਕਰਮਚਾਰੀਆਂ ਦਾ ਯੂਨੀਵਰਸਿਟੀ ਵਿੱਚ ਕੋਈ ਵਜੂਦ ਹੀ ਨਹੀਂ ਸੀ।
7 ਬਿੱਲਾਂ ਤੋਂ 814 ਬਿੱਲਾਂ ਤਕ ਦਾ ਸਫ਼ਰ
ਜਦੋਂ ਸ਼ੱਕ ਯਕੀਨ ਵਿੱਚ ਬਦਲ ਗਿਆ ਤਾਂ ਅੰਦਰੂਨੀ ਆਡਿਟ ਕੋਆਰਡੀਨੇਟਰ ਡਾ. ਪ੍ਰਮੋਦ ਅਗਰਵਾਲ ਨੇ ਤੁਰੰਤ ਇਹ ਮਾਮਲਾ ਉਸ ਸਮੇਂ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੇ ਧਿਆਨ ਵਿੱਚ ਲਿਆਂਦਾ। ਵੀਸੀ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰੋ. ਵਰਿੰਦਰ ਕੌਸ਼ਿਕ ਦੀ ਚੇਅਰਮੈਨਸ਼ਿਪ ਹੇਠ ਤਿੰਨ ਮੈਂਬਰਾਂ ਦੀ ਇੱਕ ਉੱਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ। ਇਸ ਕਮੇਟੀ ਵਿੱਚ ਅਸ਼ੋਕ ਤਿਵਾੜੀ ਅਤੇ ਬਾਅਦ ਵਿੱਚ ਰਜੇਸ਼ ਖੁਰਾਣਾ ਦੀ ਥਾਂ ਪ੍ਰੋ. ਸੰਜੀਵ ਪੁਰੀ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਨੇ ਲਗਭਗ ਤਿੰਨ ਸਾਲ ਤਕ ਬਾਰੀਕੀ ਨਾਲ ਰਿਕਾਰਡ ਖੰਗਾਲਿਆ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਕਲਰਕ ਤੋਂ ਲੈ ਕੇ ਸਹਾਇਕ ਰਜਿਸਟਰਾਰ ਤਕ ਦੀ ਚੈਕਿੰਗ ਪ੍ਰਕਿਰਿਆ ਨੂੰ ਧੋਖਾ ਦੇ ਕੇ ਜਾਅਲੀ ਬਿੱਲ ਪਾਸ ਕਰਵਾਏ। ਕਮੇਟੀ ਨੇ ਕੁੱਲ 814 ਜਾਅਲੀ ਬਿੱਲ ਫੜੇ, ਜਿਨ੍ਹਾਂ ਰਾਹੀਂ 14 ਕਰੋੜ ਰੁਪਏ ਦਾ ਗਬਨ ਕੀਤਾ ਗਿਆ ਸੀ।
ਭ੍ਰਿਸ਼ਟਾਚਾਰ ’ਤੇ ਨੱਥ
ਯੂਨੀਵਰਸਿਟੀ ਵਿਚ ਇਸ ਵੱਡੀ ਚੋਰੀ ਨੂੰ ਫੜਨ ਵਾਲੇ ਡਾ. ਪ੍ਰਮੋਦ ਅਗਰਵਾਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਚੱਲ ਰਹੇ ਇਸ ਵੱਡੇ ਘੋਟਾਲੇ ਦੇ ਖੁਲਾਸੇ ਨੇ ਭ੍ਰਿਸ਼ਟਾਚਾਰੀਆਂ ਦੇ ਚਿਹਰੇ ਨੰਗੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਕਈ ਸਾਲਾਂ ਤੋਂ ਚੱਲ ਰਹੀ ਲੁੱਟ ਨੂੰ ਠੱਲ੍ਹ ਪਈ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਭਵਿੱਖ ਵਿੱਚ ਵਿਦਿਆਰਥੀਆਂ ਅਤੇ ਸੰਸਥਾ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ।