ਹਿੱਸੇਦਾਰੀ 'ਚ ਕਰੋੜਾਂ ਦੀ ਠੱਗੀ ਤੋਂ ਦੁਖੀ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ, ਸਲਫਾਸ ਖਾ ਕੇ ਸਮਾਪਤ ਕੀਤੀ ਜੀਵਨਲੀਲ੍ਹਾ
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੁੱਦਈ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੰਤ ਸਿੰਘ ਆੜ੍ਹਤ ਦਾ ਕੰਮ ਦੇਖਦਾ ਸੀ। ਸਾਲ 1989 ਤੋਂ ਸਾਂਝੀ ਆੜ੍ਹਤ ਦੀ ਦੁਕਾਨ ਸੀ ਜਿਸ ਵਿਚ ਮੁਦੱਈ ਦਾ ਪਿਤਾ ਗੁਰਚਰਨ ਸਿੰਘ, ਚਾਚਾ ਹਰਚਰਨ ਸਿੰਘ ਅਤੇ ਚਾਚਾ ਜਸਵੀਰ ਸਿੰਘ ਬਰਾਬਰ ਦੇ ਹਿੱਸੇਦਾਰ ਸਨ।
Publish Date: Mon, 09 Feb 2026 01:04 PM (IST)
Updated Date: Mon, 09 Feb 2026 01:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਤਿਹਗੜ੍ਹ ਸਾਹਿਬ : ਹਿੱਸੇਦਾਰੀ 'ਚ ਧੋਖਾਧੜੀ ਤੋਂ ਦੁਖੀ ਹੋਏ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ 'ਚ ਮੂਲੇਪੁਰ ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਸ਼ਿਕਾਇਤ 'ਤੇ ਫਰਮ ਦਾ ਕੰਮ ਦੇਖਦੇ ਵਿਅਕਤੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੁੱਦਈ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੰਤ ਸਿੰਘ ਆੜ੍ਹਤ ਦਾ ਕੰਮ ਦੇਖਦਾ ਸੀ। ਸਾਲ 1989 ਤੋਂ ਸਾਂਝੀ ਆੜ੍ਹਤ ਦੀ ਦੁਕਾਨ ਸੀ ਜਿਸ ਵਿਚ ਮੁਦੱਈ ਦਾ ਪਿਤਾ ਗੁਰਚਰਨ ਸਿੰਘ, ਚਾਚਾ ਹਰਚਰਨ ਸਿੰਘ ਅਤੇ ਚਾਚਾ ਜਸਵੀਰ ਸਿੰਘ ਬਰਾਬਰ ਦੇ ਹਿੱਸੇਦਾਰ ਸਨ।
ਸਾਲ 2019/20 'ਚ ਕਰੋਨਾ ਕਾਲ ਤੋਂ ਬਾਅਦ ਹਰਚਰਨ ਸਿੰਘ ਨੇ ਬਿਮਾਰ ਰਹਿਣ ਕਰਕੇ ਫ਼ਰਮ ਦੇ ਹਿਸਾਬ ਕਿਤਾਬ ਦਾ ਕੰਮ ਸੁਖ਼ਦਰਸ਼ਨ ਸਿੰਘ ਨੂੰ ਸੌਂਪ ਦਿੱਤਾ ਸੀ। ਜਦੋਂ ਸੁਖ਼ਦਰਸ਼ਨ ਸਿੰਘ ਤੋਂ ਹਿਸਾਬ ਮੰਗਿਆ ਤਾਂ ਉਸ ਨੇ ਅਤੇ ਉਸਦੇ ਮਾਮੇ ਨੇ ਉਨ੍ਹਾਂ ਨੂੰ ਮਾੜੇ ਬੋਲ ਬੋਲੇ। ਮੁਦੱਈ ਨੇ ਹਿਸਾਬ 'ਚ ਸੁਖਦਰਸ਼ਨ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਉਪਰ ਕਥਿਤ ਤੌਰ 'ਤੇ 2 ਤੋਂ 2.5 ਕਰੋੜ ਰੁਪਏ ਦਾ ਘਪਲਾ ਕਰ ਕੇ ਠੱਗੀ ਮਾਰਨ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤ ਮੁਤਾਬਕ ਜਿਸ ਤੋਂ ਦੁਖੀ ਹੋ ਕੇ ਮੁੱਦਈ ਦੇ ਭਰਾ ਸੰਤ ਸਿੰਘ ਨੇ ਮਿਤੀ 07.02.2026 ਨੂੰ ਜਖ਼ਵਾਲੀ ਅੱਡੇ ਵਿਖੇ ਸਲਫ਼ਾਸ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪੁਲਿਸ ਨੇ ਇਸ ਮਾਮਲੇ 'ਚ ਸੁਖਦਰਸ਼ਨ ਸਿੰਘ, ਉਸ ਦੀ ਮਾਤਾ ਹਰਪ੍ਰੀਤ ਕੌਰ, ਪਤਨੀ ਰਾਜਵੰਤ ਕੌਰ ਅਤੇ ਮਾਮਾ ਭੁਪਿੰਦਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।