ਪਹਿਲਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਪਿਤਾ ਦੇ ਗੋਦਾਮ ਤੇ ਹੁਣ ਨਾਭਾ ਦੇ ਕਾਰਜ ਸਾਧਕ ਅਫਸਰ (ਈਓ) ਗੁਰਚਰਨ ਸਿੰਘ ਦੀ ਸਰਕਾਰੀ ਰਿਹਾਇਸ ’ਚੋਂ ਸਾਮਾਨ ਦੇ ਹਿੱਸੇ ਮਿਲੇ ਹਨ।

ਅਮਨਦੀਪ ਸਿੰਘ ਲਵਲੀ, •ਪੰਜਾਬੀ ਜਾਗਰਣ, ਨਾਭਾ : ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਨੂੰ ਖਦੇੜਨ ਦੌਰਾਨ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਾਮਾਨ ਨਾਭਾ ’ਚੋਂ ਮਿਲਣ ਦਾ ਮਾਮਲਾ ਦਿਨੋਂ-ਦਿਨ ਭਖਦਾ ਜਾ ਰਿਹਾ ਹੈ। ਪਹਿਲਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਪਿਤਾ ਦੇ ਗੋਦਾਮ ਤੇ ਹੁਣ ਨਾਭਾ ਦੇ ਕਾਰਜ ਸਾਧਕ ਅਫਸਰ (ਈਓ) ਗੁਰਚਰਨ ਸਿੰਘ ਦੀ ਸਰਕਾਰੀ ਰਿਹਾਇਸ ’ਚੋਂ ਸਾਮਾਨ ਦੇ ਹਿੱਸੇ ਮਿਲੇ ਹਨ। ਇਸ ਨਾਲ ਕਿਸਾਨ ਜਥੇਬੰਦੀਆਂ ’ਚ ਰੋਹ ਵਧ ਗਿਆ ਹੈ। ਕਿਸਾਨਾਂ ਨੇ ਈਓ ਸਮੇਤ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਈਓ ਦਾ ਕਹਿਣਾ ਹੈ ਕਿ ਉਹ ਸਰਕਾਰੀ ਰਿਹਾਇਸ ਦੀ ਵਰਤੋਂ ਨਹੀਂ ਕਰਦੇ। ਕੋਠੀ ’ਚ ਪਏ ਸਮਾਨ ਦੀ ਸਾਂਭ ਸੰਭਾਲ ਪੰਕਜ ਪੱਪੂ ਕਰਦਾ ਹੈ।
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਬਲਾਕ ਪ੍ਰਧਾਨ ਗਮਦੂਰ ਸਿੰਘ ਬਾਬਰਪੁਰ ਨੇ ਦੱਸਿਆ ਕਿ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਸਟੀਲ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਹਨ, ਦੇ ਪਿਤਾ ਦੀ ਵਰਕਸ਼ਾਪ ’ਚੋਂ ਅਲਹੌਰਾ ਗੇਟ ਤੋਂ ਕੁਝ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਸੀ। ਇਸ ਤੋਂ ਇਲਾਵਾ ਇਕ ਹੋਰ ਮਾਮਲੇ ’ਚ ਸਹੋਲੀ ਪਿੰਡ ਦੇ ਨੇੜਿਓਂ ਮਿਲੀ ਟਰਾਲੀ ਦੇ ਮਾਮਲੇ ’ਚ ਵੀ ਪੰਕਜ ਪੱਪੂ ’ਤੇ ਕੇਸ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਮਾਨ ਈਓ ਦੀ ਕੋਠੀ ’ਚ ਹੋ ਸਕਦਾ ਹੈ। ਇਸੇ ਲਈ ਮੰਗਲਵਾਰ ਨੂੰ ਜਥੇਬੰਦੀ ਨੇ ਨਗਰ ਕੌਂਸਲ ਨਾਭਾ ਦੇ ਈਓ (ਕਾਰਜ ਸਾਧਕ ਅਫ਼ਸਰ) ਦੀ ਸਰਕਾਰੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਸੀਆਈਏ ਪਟਿਆਲਾ ਨੂੰ ਸਾਮਾਨ ਬਰਾਮਦ ਕਰਨ ਸਬੰਧੀ ਦਰਖ਼ਾਸਤ ਦਿੱਤੀ ਸੀ। ਇਸੇ ’ਤੇ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ, ਸੀਆਈਏ ਦੇ ਸਬ ਇੰਸਪੈਕਟਰ ਤੇ ਕਾਰਜ ਸਾਧਕ ਅਫ਼ਸਰ ਗੁਰਚਰਨ ਸਿੰਘ ਦੀ ਅਗਵਾਈ ’ਚ ਬੁੱਧਵਾਰ ਨੂੰ ਜੇਸੀਬੀ ਮਸ਼ੀਨ ਨਾਲ ਈਓ ਦੀ ਸਰਕਾਰੀ ਕੋਠੀ ’ਚ ਖੁਦਾਈ ਕੀਤੀ ਗਈ। ਇਸ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਦਾ ਚੋਰੀ ਹੋਇਆ ਕੁਝ ਸਮਾਨ ਬਰਾਮਦ ਹੋਇਆ। ਉਨ੍ਹਾਂ ਮੰਗ ਕੀਤੀ ਕਿ ਇਸ ਕੋਠੀ ’ਚ ਕਿਸਾਨਾਂ ਦਾ ਸਮਾਨ ਦੱਬਣ ਵਾਲੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇ ਸਰਕਾਰ ਨੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਅਮਲ ’ਚ ਨਾ ਲਿਆਂਦੀ ਤਾਂ ਕਿਸਾਨ ਯੂਨੀਅਨ ਵੱਡਾ ਐਕਸ਼ਨ ਕਰੇਗੀ ਤੇ ਸੰਘਰਸ਼ ਹੋਰ ਤਿੱਖਾ ਹੋਵੇਗਾ। ਓਧਰ ਸੀਆਈਏ ਸਟਾਫ ਪਟਿਆਲਾ ਤੋਂ ਪੁੱਜੇ ਸਬ ਇੰਸਪੈਕਟਰ ਦਾ ਕਹਿਣਾ ਹੈ ਸੀ ਕਿ ਜੋ ਵੀ ਸਮਾਨ ਮਿਲਿਆ ਹੈ, ਉਸ ਨੂੰ ਸਬੰਧੀ ਪੜਤਾਲ ਉਪਰੰਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ : ਈਓ
ਜਦੋਂ ਇਸ ਸਬੰਧੀ ਈਓ ਗੁਰਚਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਡਿਊਟੀ ਦੌਰਾਨ ਕਦੇ ਵੀ ਇਸ ਕੋਠੀ ’ਚ ਨਹੀਂ ਆਇਆ। ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿਸ ਨੇ ਇਹ ਸਮਾਨ ਦੱਬਿਆ ਹੈ। ਉਨ੍ਹਾਂ ਕਿਹਾ ਕਿ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਕੋਠੀ ’ਚ ਖੜੀ ਮਸ਼ੀਨਰੀ ਦੀ ਸਾਂਭ ਸੰਭਾਲ ਕਰਦੇ ਹਨ। ਦੂਜੇ ਪਾਸੇ ਇਸ ਸਬੰਧੀ ਨਾਇਬ ਤਹਿਸੀਲਦਾਰ ਕੋਈ ਵੀ ਗੱਲ ਕਰਨ ਤੋਂ ਭੱਜਦੇ ਦਿਖਾਈ ਦਿੱਤੇ।