ਬਿਨਾਂ ਮਨਜ਼ੂਰੀ ਛੁੱਟੀ ਕਰਨ ’ਤੇ ਸਖ਼ਤ ਹੋਇਆ ਪਾਵਰਕਾਮ, ਮੁੱਖ ਇੰਜੀਨੀਅਰ ਨੂੰ ਨੋਟਿਸ ਜਾਰੀ
ਇੰਜ. ਹਰਮੋਹਨ ਕੌਰ ’ਤੇ ਹੁਕਮਾਂ ਦੀ ਅਣਅਦੇਖੀ, ਡਿਊਟੀ ਪ੍ਰਤੀ ਨਿਸ਼ਠਾ ਦੀ ਘਾਟ, ਕੰਮ ਵਿਚ ਲਾਪਰਵਾਹੀ ਅਤੇ ਇੱਕ ਸੀਨੀਅਰ ਅਧਿਕਾਰੀ ਵਜੋਂ ਅਣਉਚਿਤ ਵਿਹਾਰ ਦਾ ਦੋਸ਼ ਹੈ। ਪਾਵਰਕੌਮ ਦੇ ਡਿਪਟੀ ਸੈਕਟਰੀ ਵਲੋਂ ਇੰਜ. ਹਰਮੋਹਨ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
Publish Date: Tue, 18 Nov 2025 11:22 AM (IST)
Updated Date: Tue, 18 Nov 2025 11:26 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਬਿਨਾਂ ਮਨਜ਼ੂਰੀ ਤੋਂ ਛੁੱਟੀ ਕਰਨ ਵਾਲਿਆਂ ਖ਼ਿਲਾਫ਼ ਪੀਐੱਸਪੀਸੀਐੱਲ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੀਐੱਸਪੀਸੀਐੱਲ ਨੇ ਮੁੱਖ ਦਫਤਰ ਸਥਿਤ ਇੰਜ. ਹਰਮੋਹਨ ਕੌਰ ਨੂੰ ਬਿਨਾਂ ਮਨਜ਼ੂਰੀ ਤੋਂ 15 ਦਿਨ ਛੁੱਟੀ ਕਰਨ ’ਤੇ ਕਾਰਨ ਦੱਸੋ ਨੋਟਿਸ ਕੀਤਾ ਹੈ। ਸੱਤ ਦਿਨਾਂ ਅੰਦਰ ਨੋਟਿਸ ਦਾ ਜਵਾਬ ਨਾ ਦੇਣ ’ਤੇ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਪੀਐੱਸਪੀਸੀਐੱਲ ਡਿਪਟੀ ਸੈਕਟਰੀ ਵਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਇੰਜ. ਹਰਮੋਹਨ ਕੌਰ ਨੇ ਚਾਰ ਨਵੰਬਰ ਨੂੰ ਨਗਰ ਕੀਰਤਨ ’ਚ ਹਾਜ਼ਰੀ ਦੇਣ ਲਈ ਅੱਧੇ ਦਿਨ ਦੀ ਛੁੱਟੀ ਲਈ ਅਤੇ ਉਸੇ ਦਿਨ ਛੇ ਤੋਂ 21 ਨਵੰਬਰ ਤੱਕ ਦੀ ਲਈ ਛੁੱਟੀ ਲਈ ਦਰਖਾਸਤ ਕੀਤੀ। ਜਿਸ ਵਿਚ ਘਰ ’ਚ ਜ਼ਰੂਰੀ ਨਿੱਜੀ ਕੰਮ ਦਾ ਹਵਾਲਾ ਦਿੱਤਾ। ਜਦਕਿ ਇਕ ਅਹਿਮ ਮਸਲੇ ਸਬੰਧੀ ਪਾਵਰਕਾਮ ਸੀਐਮਡੀ ਕੋਲ ਟੈਰਿਫ਼ ਸਬੰਧੀ ਫ਼ੈਸਲਿਆਂ ਤੇ ਬੋਰਡ ਆਫ਼ ਡਾਇਰੈਕਟਰਜ਼ ਤੋਂ ਮਨਜ਼ੂਰੀ ਲਈ ਅਜੈਂਡਾ ਤਿਆਰ ਕਰਨ ਲਈ ਇੰਜ. ਹਰਮੋਹਨ ਕੌਰ ਦੀ ਹਾਜ਼ਰੀ ਲੋੜੀਂਦੀ ਹੋਣ ਕਾਰਨ, ਉਸਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਗਈ।
ਇਸ ਬਾਰੇ ਉਸ ਨੂੰ ਸੂਚਿਤ ਵੀ ਕੀਤਾ ਗਿਆ। ਇਸਦੇ ਬਾਵਜੂਦ ਛੁੱਟੀ ’ਤੇ ਚਲੀ ਗਈ ਤੇ ਬਾਅਦ ਵਿਚ ਉਸਨੇ ਆਨਲਾਈਨ ਸਿਸਟਮ ਰਾਹੀਂ ਇੱਕ ਨਵੀਂ ਛੁੱਟੀ ਬੇਨਤੀ ਦਾਖਲ ਕੀਤੀ, ਜਿਸ ਵਿਚ ਛੁੱਟੀ ਦਾ ਕਾਰਨ ਬਦਲ ਕੇ ‘ਮੈਡੀਕਲ ਲੀਵ’ ਦਰਜ ਕੀਤਾ, ਪਰ ਕੋਈ ਮੈਡੀਕਲ ਸਬੂਤ ਨਹੀਂ ਦਿੱਤਾ। ਇਹ ਵੀ ਦੇਖਿਆ ਗਿਆ ਕਿ ਉਹ ਪੰਜ ਨਵੰਬਰ ਨੂੰ ਸੀਨੀਅਰ ਐਡਵੋਕੇਟ ਸੀ.ਏ. ਸੁੰਦਰਮ ਨਾਲ ਅਦਾਲਤੀ ਕੰਮ ਸਬੰਧੀ ਮੀਟਿੰਗ ਵਿਚ ਵੀ ਹਾਜਰ ਨਹੀਂ ਹੋਈ। ਇਹ ਮਾਮਲਾ ਪਾਵਰਕੋਮ ਲਈ ਮਹੱਤਵਪੂਰਨ ਸੀ, ਪਰ ਉਹ ਨਾ ਤਾਂ ਐਡਵੋਕੇਟ ਨਾਲ ਮਿਲੀ ਅਤੇ ਨਾ ਹੀ ਕੋਰਟ ਕਾਰਵਾਈ ਵਿਚ ਹਾਜ਼ਰ ਹੋਈ।
ਇੰਜ. ਹਰਮੋਹਨ ਕੌਰ ’ਤੇ ਹੁਕਮਾਂ ਦੀ ਅਣਅਦੇਖੀ, ਡਿਊਟੀ ਪ੍ਰਤੀ ਨਿਸ਼ਠਾ ਦੀ ਘਾਟ, ਕੰਮ ਵਿਚ ਲਾਪਰਵਾਹੀ ਅਤੇ ਇੱਕ ਸੀਨੀਅਰ ਅਧਿਕਾਰੀ ਵਜੋਂ ਅਣਉਚਿਤ ਵਿਹਾਰ ਦਾ ਦੋਸ਼ ਹੈ। ਪਾਵਰਕੌਮ ਦੇ ਡਿਪਟੀ ਸੈਕਟਰੀ ਵਲੋਂ ਇੰਜ. ਹਰਮੋਹਨ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਨੋਟਿਸ ਦੇ ਜਾਰੀ ਹੋਣ ਦੀ ਤਾਰੀਖ ਤੋਂ ਸੱਤ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।