ਸਿਹਤ ਮੰਤਰੀ ਦੀ ਕੋਠੀ ਨੇੜੇ ਟੈਂਕੀ ’ਤੇ ਬੈਠੇ ਬੇਰੁਜ਼ਗਾਰਾਂ ’ਚੋਂ ਇਕ ਦੀ ਹਾਲਤ ਵਿਗੜੀ, ਹਸਪਤਾਲ ਦਾਖ਼ਲ; ਪੰਜਵੇਂ ਦਿਨ ਵੀ ਧਰਨਾ ਜਾਰੀ
ਉਨ੍ਹਾਂ ਮੰਗ ਕੀਤੀ ਕਿ 30 ਨਵੰਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਵਿਚ ਉਨ੍ਹਾਂ ਬੇਰੁਜ਼ਗਾਰਾਂ ਨੂੰ ਵੀ ਮੌਕਾ ਦਿੱਤਾ ਜਾਵੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਜਨਤਕ ਸਟੇਜਾਂ ਉੱਤੇ ਆਸ ਦੀ ਕਿਰਨ ਵਿਖਾਈ ਸੀ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਵਿਚ ਜਾਰੀ ਹੋਈਆਂ ਪੋਸਟਾਂ ਵਿਚ ਉਹ ਉਮਰ-ਹੱਦ ਵਿਚ ਸੋਧ ਕਰਦੇ ਹੋਏ ਉਨ੍ਹਾਂ ਨੂੰ ਲਿਖਤੀ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਦਿੱਤਾ ਜਾਵੇ।
Publish Date: Mon, 24 Nov 2025 08:14 AM (IST)
Updated Date: Mon, 24 Nov 2025 08:21 AM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ : ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਨੇੜੇ ਟੈਂਕੀ ਉੱਤੇ ਬੈਠੇ ਦੋ ਬੇਰੁਜ਼ਗਾਰ ਬੈਠੇ ਸਨ, ਇਨ੍ਹਾਂ ਵਿੱਚੋਂ ਇਕ ਦੀ ਹਾਲਤ ਵਿਗੜ ਗਈ, ਜਿਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (ਪੁਰਸ਼) ਵੱਲੋਂ ਦੋ ਬੇਰੁਜ਼ਗਾਰ 19 ਨਵੰਬਰ ਤੋਂ ਸਥਾਨਕ ਆਮ ਆਦਮੀ ਕਲੀਨਿਕ ਪਿੱਛੇ ਬਣੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੇ ਹੋਏ ਹਨ। ਇਨ੍ਹਾਂ ਵਿੱਚੋਂ ਹੀਰਾ ਲਾਲ ਦੀ ਸਿਹਤ ਅਚਾਨਕ ਵਿਗੜ ਜਾਣ ਕਰ ਕੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ। ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਜਾਰੀ ਹੋਈਆਂ ਪੋਸਟਾਂ ਲਈ ਉਮਰ-ਹੱਦ ਛੋਟ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੰਗਾਂ ਸਬੰਧੀ ਲਗਾਤਾਰ ਟਾਲ ਮਟੋਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਪਾਣੀ ਦੀ ਟੈਂਕੀ ’ਤੇ ਬੈਠੇ ਹੀਰਾ ਲਾਲ ਦੀ ਸਿਹਤ ਵਿਗੜ ਜਾਣ ਕਰ ਕੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਮੰਗ ਕੀਤੀ ਕਿ 30 ਨਵੰਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਵਿਚ ਉਨ੍ਹਾਂ ਬੇਰੁਜ਼ਗਾਰਾਂ ਨੂੰ ਵੀ ਮੌਕਾ ਦਿੱਤਾ ਜਾਵੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਜਨਤਕ ਸਟੇਜਾਂ ਉੱਤੇ ਆਸ ਦੀ ਕਿਰਨ ਵਿਖਾਈ ਸੀ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਵਿਚ ਜਾਰੀ ਹੋਈਆਂ ਪੋਸਟਾਂ ਵਿਚ ਉਹ ਉਮਰ-ਹੱਦ ਵਿਚ ਸੋਧ ਕਰਦੇ ਹੋਏ ਉਨ੍ਹਾਂ ਨੂੰ ਲਿਖਤੀ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਦਿੱਤਾ ਜਾਵੇ। ਆਖਰੀ ਭਰਤੀ ਸਾਲ 2020 ਵਿਚ ਕਾਂਗਰਸ ਸਰਕਾਰ ਵੇਲੇ ਕੀਤੀ ਗਈ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜ ਸਾਲਾਂ ਵਿਚ ਕੋਈ ਭਰਤੀ ਨਾ ਕੀਤੇ ਜਾਣ ਕਾਰਨ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਓਵਰਏਜ ਹੋ ਚੁੱਕੇ ਹਨ।