ਭਤੀਜੇ ਨੇ ਕਹੀ ਨਾਲ ਕਤਲ ਕਰ ਕੇ ਚਾਚੇ ਨੂੰ ਜ਼ਿੰਦਾ ਸਾੜਿਆ, ਪੰਜ ਮਰਲੇ ਜ਼ਮੀਨ ਦਾ ਹਿੱਸਾ ਨਾ ਦੇਣ ’ਤੇ ਟੱਪੀ ਵਹਿਸ਼ਤ ਦੀ ਹੱਦ
ਦੂਜੇ ਪਾਸੇ, ਖੁਸ਼ਪ੍ਰੀਤ ਸਿੰਘ ਦੇ ਭਰਾ ਗੁਰਜੰਟ ਸਿੰਘ ਦਾ ਬਹਾਦਰ ਸਿੰਘ ਨਾਲ ਕੁਝ ਸਮੇਂ ਤੋਂ ਜਮੀਨ ਆਪਣੇ ਨਾਮ ਕਰਵਾਉਣ ਸਬੰਧੀ ਝਗੜਾ ਚੱਲ ਰਿਹਾ ਸੀ। ਜਿਸ ਤੇ ਬੀਤੇ ਦਿਨੀ ਦੋਵਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ ਸੀ ਅਤੇ ਰਾਤ ਨੂੰ ਗੁੱਸੇ ਵਿੱਚ ਆ ਕੇ ਗੁਰਜੰਟ ਸਿੰਘ ਕਹੀ ਚੁੱਕ ਕੇ ਬਾਹਰ ਵੱਲ ਚੱਲ ਪਿਆ।
Publish Date: Mon, 17 Nov 2025 08:00 AM (IST)
Updated Date: Mon, 17 Nov 2025 09:31 AM (IST)
ਪੱਤਰ ਪ੍ਰੇਰਕ, ਪਟਿਆਲਾ : ਪਿੰਡ ਲੋਚਮਾ ’ਚ ਜ਼ਮੀਨ ਲਈ ਇਕ ਵਿਅਕਤੀ ਨੇ ਆਪਣੇ ਚਾਚੇ ’ਤੇ ਕਹੀ ਨਾਲ ਵਾਰ ਕਰਕੇ ਪਹਿਲਾਂ ਉਸ ਨੂੰ ਮਾਰ ਦਿੱਤਾ ਤੇ ਫਿਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਉਸ ਦੇ ਭਤੀਜੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫਿਲਹਾਲ ਫ਼ਰਾਰ ਹੈ।
ਪਿੰਡ ਲੋਚਮਾ ਵਾਸੀ 45 ਸਾਲਾ ਬਹਾਦਰ ਸਿੰਘ ਦਾ ਵਿਆਹ ਨਹੀਂ ਹੋਇਆ ਸੀ। ਉਸ ਨੇ ਆਪਣੇ ਛੋਟੇ ਭਰਾ ਦੇ ਛੋਟੇ ਪੁੱਤਰ ਖ਼ੁਸ਼ਪ੍ਰੀਤ ਸਿੰਘ ਨੂੰ ਗੋਦ ਲਿਆ ਹੋਇਆ ਸੀ। ਖ਼ੁਸ਼ਪ੍ਰੀਤ ਸਿੰਘ ਦਾ 21 ਸਾਲਾ ਭਰਾ ਗੁਰਜੰਟ ਸਿੰਘ, ਜੋ ਸ਼ਰਾਬ ਪੀਣ ਦਾ ਆਦੀ ਸੀ, ਇਸ ਗੱਲ ਤੋਂ ਪਰੇਸ਼ਾਨ ਰਹਿੰਦਾ ਸੀ। ਉਹ ਅਕਸਰ ਚਾਚੇ ਬਹਾਦਰ ਸਿੰਘ ਨਾਲ ਸ਼ਰਾਬ ਪੀਂਦਾ ਸੀ ਤੇ ਉਸ ਤੋਂ ਪੰਜ ਮਰਲੇ ਜ਼ਮੀਨ ਮੰਗਦਾ ਸੀ, ਕਿਉਂਕਿ ਬਹਾਦਰ ਸਿੰਘ ਨੇ ਉਸ ਨੂੰ ਪੰਜ ਮਰਲੇ ਦੇਣ ਲਈ ਕਿਹਾ ਹੋਇਆ ਸੀ। 14 ਨਵੰਬਰ ਨੂੰ ਜਦੋਂ ਬਹਾਦਰ ਸਿੰਘ ਨੇ ਜ਼ਮੀਨ ਉਸ ਦੇ ਨਾਂ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਦੋਵਾਂ ’ਚ ਇਸ ਗੱਲ ਤੋਂ ਤਕਰਾਰ ਹੋ ਗਈ। ਇਸ ਦੌਰਾਨ ਗੁਰਜੰਟ ਨੇ ਕਹੀ ਨਾਲ ਬਹਾਦਰ ਸਿੰਘ ’ਤੇ ਕਹੀ ਨਾਲ ਛੇ-ਸੱਤ ਵਾਰ ਕਰ ਦਿੱਤੇ। ਉਸ ਤੋਂ ਬਾਅਦ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਜਦੋਂ ਮੁਲਜ਼ਮ ਅੱਗ ਲਗਾ ਰਿਹਾ ਸੀ ਤਾਂ ਗੁਰਜੰਟ ਸਿੰਘ ਦੇ ਤਾਏ ਯਾਨੀ ਬਹਾਦਰ ਸਿੰਘ ਦੇ ਵੱਡੇ ਭਰਾ ਤੇ ਖ਼ੁਸ਼ਪ੍ਰੀਤ ਨੇ ਉਸ ਨੂੰ ਦੇਖ ਲਿਆ। ਦੋਵਾਂ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਕਹੀ ਤੇ ਪੈਟਰੋਲ ਵਾਲੀ ਬੋਤਲ ਲੈ ਕੇ ਫ਼ਰਾਰ ਹੋ ਗਿਆ। ਬਾਅਦ ’ਚ ਦੋਵੇਂ ਝੁਲਸੀ ਹੋਈ ਹਾਲਤ ’ਚ ਬਹਾਦਰ ਸਿੰਘ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਪੁਲਿਸ ਨੇ ਅਵਤਾਰ ਸਿੰਘ ਦੇ ਬਿਆਨਾਂ ’ਤੇ ਗੁਰਜੰਟ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।