ਕਿਸਾਨਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਪਸ਼ੂਆਂ ਦੇ ਸ਼ੈਡ ‘ਚ ਅੱਗ ਨਾਲ 10 ਦੁਧਾਰੂ ਪਸ਼ੂਆਂ ਦੀ ਝੁਲਸਣ ਨਾਲ ਮੌਤ; ਇਕ ਬੱਕਰਾ ਤੇ ਕੁੱਤਾ ਵੀ ਆਏ ਲਪੇਟ 'ਚ
ਦੁਖੀ ਪਰਿਵਾਰ ਨੇ ਦਾਨੀ ਸੱਜਣਾਂ, ਵੱਖ-ਵੱਖ ਐਨਜੀਓ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਦਾ ਹੜ੍ਹ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਹੁਣ ਉਨਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ।
Publish Date: Sat, 03 Jan 2026 05:06 PM (IST)
Updated Date: Sat, 03 Jan 2026 05:21 PM (IST)
ਧਰਮਿੰਦਰ ਸਿੰਘ ਬਾਠ, ਫਤਿਹਗੜ੍ਹ ਚੂੜੀਆਂ : ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਹਰਦੋਰਵਾਲ ਖੁਰਦ ਵਿਖੇ ਭਿਆਨਕ ਘਟਨਾ ਵਾਪਰੀ ਹੈ। ਬੀਤੀ ਰਾਤ ਹਰਦੋਰਵਾਲ ਖੁਰਦ 'ਚ ਪਸ਼ੂਆਂ ਦੇ ਸ਼ੈੱਡ ਚ ਅੱਗ ਲੱਗਣ ਨਾਲ 10 ਦੁਧਾਰੂ ਪਸ਼ੂਆਂ ਦੀ ਝੁਲਸਣ ਤੇ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ। ਇਕ ਪਾਲਤੂ ਕੁੱਤਾ ਤੇ ਬੱਕਰਾ ਵੀ ਅੱਗ ਦੀ ਭੇਟ ਚੜ੍ਹ ਗਏ। ਹੜ੍ਹਾਂ ਨਾਲ ਝੰਬੇ ਕਿਸਾਨ ਬੂਟਾ ਸਿੰਘ ਤੇ ਵਜ਼ੀਰ ਸਿੰਘ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਦਰਦਨਾਕ ਤੇ ਦਿਲ ਨੂੰ ਹਿਲਾਉਣ ਵਾਲੀ ਵਾਪਰੀ ਇਸ ਘਟਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧੀ ਪੀੜਤ ਕਿਸਾਨ ਬੂਟਾ ਸਿੰਘ, ਵਜੀਰ ਸਿੰਘ ਤੇ ਪਿੰਡ ਦੇ ਮੋਹਤਬਰ ਹਰਸਿਮਰਨ ਸਿੰਘ ਰਾਜਾ ਨੇ ਦੁਖੀ ਮਨ ਨਾਲ ਦੱਸਿਆ ਕਿ ਬੀਤੀ ਰਾਤ 10 ਵਜੇ ਤੇ ਕਰੀਬ ਉਨ੍ਹਾਂ ਦੇ ਗੁਆਢੀਆਂ ਨੇ ਦੱਸਿਆ ਕਿ ਡੰਗਰਾਂ ਵਾਲੇ ਸ਼ੈਡ ’ਚੋਂ ਧੂਆਂ ਨਿਕਲ ਰਿਹਾ ਹੈ। ਜਦ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਡੰਗਰਾਂ ਵਾਲੇ ਸ਼ੈੱਡ ਅੰਦਰ ਅੱਗ ਲੱਗੀ ਹੋਈ ਸੀ ਤੇ ਅੰਦਰ ਧੂੰਆਂ ਹੀ ਧੂੰਆਂ ਸੀ। ਉਨ੍ਹਾਂ ਦੱਸਿਆ ਕਿ ਜਦ ਅੱਗ ਬੁਝਾ ਕੇ ਅੰਦਰ ਦੇਖਿਆ ਤਾਂ ਸ਼ੈੱਡ ਅੰਦਰ ਬੱਝੇ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ ਜਿਨ੍ਹਾਂ ’ਚ ਉਨ੍ਹਾਂ ਦਾ ਇੱਕ ਕੁੱਤਾ ਅਤੇ ਇੱਕ ਬੱਕਰਾ ਵੀ ਸ਼ਾਮਲ ਸੀ। ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜ਼ੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਅੱਗ ਕਿਵੇਂ ਲੱਗੀ। ਉਨ੍ਹਾਂ ਦੱਸਿਆ ਕਿ ਉਹ ਤਾਂ ਦੇਰ ਸ਼ਾਮ ਪਸ਼ੂਆਂ ਨੂੰ ਚਾਰਾ ਅਤੇ ਪਾਣੀ ਪਿਲਾ ਕੇ ਘਰ ਵਾਪਸ ਆ ਗਏ ਸਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਦੁੱਧ ਵੇਚ ਕੇ ਹੀ ਉਹ ਘਰ ਦਾ ਗੁਜ਼ਾਰਾ ਆਦਿ ਕਰਦੇ ਆ ਰਹੇ ਹਨ ਪਰ ਇਸ ਘਟਨਾ ਨਾਲ ਉਨ੍ਹਾਂ ਦਾ ਲੱਕ ਟੁੱਟ ਗਿਆ ਹੈ। ਦੁਖੀ ਪਰਿਵਾਰ ਨੇ ਦਾਨੀ ਸੱਜਣਾਂ, ਵੱਖ-ਵੱਖ ਐਨਜੀਓ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਹੜ੍ਹ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਹੁਣ ਉਨ੍ਹਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ।