ਰਾਹਤ ਦੀ ਖਬਰ! ਗ੍ਰਿਫ਼ਤਾਰ PRTC ਮੁਲਾਜ਼ਮ ਦੇਰ ਰਾਤ ਕੀਤੇ ਰਿਹਾਅ, ਬੱਸਾਂ ਦੀ ਹੜਤਾਲ ਖਤਮ
ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਕਿ ਸਾਰੇ ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁਅੱਲਤ ਤੇ ਬਰਖ਼ਾਸਤ ਮੁਲਾਜ਼ਮਾਂ ਨੂੰ ਬਹਾਲ ਕਰਨ ’ਤੇ ਵੀ ਸਹਿਮਤੀ ਬਣੀ ਸੀ।
Publish Date: Wed, 03 Dec 2025 10:51 AM (IST)
Updated Date: Wed, 03 Dec 2025 11:01 AM (IST)
ਜਾਸ, ਪਟਿਆਲਾ : ਪੀਆਰਟੀਸੀ, ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਉਨ੍ਹਾਂ ਸਾਰੇ ਮੈਂਬਰਾਂ ਨੂੰ ਦੇਰ ਰਾਤ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਰਿਹਾਈ ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਯੂਨੀਅਨ ਦੇ ਆਗੂਆਂ ਦੇ ਨਾਲ ਹੋਈ ਬੈਠਕ ’ਚ ਮੰਗਾਂ ’ਤੇ ਬਣੀ ਸਹਿਮਤੀ ਤੋਂ ਬਾਅਦ ਸੰਭਵ ਹੋ ਸਕੀ। ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਕਿ ਸਾਰੇ ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁਅੱਲਤ ਤੇ ਬਰਖ਼ਾਸਤ ਮੁਲਾਜ਼ਮਾਂ ਨੂੰ ਬਹਾਲ ਕਰਨ ’ਤੇ ਵੀ ਸਹਿਮਤੀ ਬਣੀ ਸੀ। ਇਸ ਫ਼ੈਸਲੇ ਦੇ ਤਹਿਤ ਮੰਗਲਵਾਰ ਦੇਰ ਰਾਤ ਜੇਲ੍ਹ ਪ੍ਰਸ਼ਾਸਨ ਨੇ ਸਾਰੇ ਮੁਲਾਜ਼ਮਾਂ ਨੂੰ ਕਾਨੂੰਨੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਰਿਹਾਅ ਕਰ ਦਿੱਤਾ। ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਜ਼ਮਾਂ ਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸਿਰਫ਼ ਪੀਆਰਟੀਸੀ ਵਿਭਾਗ ’ਚ ਕਿਲੋਮੀਟਰ ਸਕੀਮ ਦੇ ਤਹਿਤ ਬੇਸ ਸ਼ੁਰੂ ਕਰ ਕੇ ਵਿਭਾਗ ਦਾ ਨਿੱਜੀਕਰਨ ਕਰਨ ਨੂੰ ਲੈ ਕੇ ਹੈ। ਯੂਨੀਅਨ ਆਗੂਆਂ ਨੇ ਦੁਹਰਾਇਆ ਕਿ ਉਹ ਆਪਣੀਆਂ ਬਾਕੀ ਮੰਗਾਂ ਨੂੰ ਲੈ ਕੇ ਗੱਲਬਾਤ ਰਾਹੀਂ ਹੱਲ ਚਾਹੁੰਦੇ ਹਨ।