ਹਰ ਸਾਲ ਪੰਛੀਆਂ ਦੀਆਂ ਕਿਸਮਾਂ ਬਾਰ ਹੈੱਡੇਡ ਗੂਸ, ਕਾਮਨ ਕੂਟ, ਨੌਰਦਰਨ ਪਿੰਟੇਲ, ਲਿਟਲ ਕਾਮਨ, ਕਾਮਨ ਟੀਲ, ਕਾਮਨ ਪੋਚਾਰਡ, ਨੌਰਦਰਨ ਸ਼ੋਵੇਲਰ, ਕੈਟਲ ਐਗਰੇਟ, ਕਾਮਨ ਮੂਰਹੇਨ, ਪਰਪਲ ਮੂਰਹੇਨ, ਬਲੈਕ ਹੈੱਡੇਡ ਗੁੱਲ, ਰਿਵਰ ਟਰਨ, ਗੈਡਵਾਲ, ਸਪਾਟ-ਬਿਲਡ ਡੱਕ, ਰਸ਼ੀਅਨ ਵਿਜਨ, ਬਲੈਕ-ਵਿੰਗਡ ਸਟਿਲਟ, ਬ੍ਰਾਊਨ-ਹੈੱਡੇਡ ਗੁੱਲ, ਰਿਵਰ ਲੈਪਵਿੰਗ ਤੇ ਹੋਰ ਕਿਸਮਾਂ ਦੇ ਪੰਛੀ ਕੇਸ਼ੋਪੁਰ ਛੰਬ ’ਚ ਆਉਂਦੇ ਹਨ।

ਪਲਵਿੰਦਰ ਸਿੰਘ, ਪੰਜਾਬੀ ਜਾਗਰਣ, ਗੁਰਦਾਸਪੁਰ : ਸਰਦੀਆਂ ਦੀ ਸ਼ੁਰੂਆਤ ਦੇ ਨਾਲ ਵਿਦੇਸ਼ੀ ਪੰਛੀ ਹਜ਼ਾਰਾਂ ਮੀਲ ਦੀ ਉਡਾਣ ਭਰਨ ਤੋਂ ਬਾਅਦ ਕੇਸ਼ੋਪੁਰ ਛੰਬ ’ਚ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦਿਨਾਂ ’ਚ ਕੁਝ ਦੇਸ਼ਾਂ ’ਚ ਭਾਰੀ ਬਰਫ਼ਬਾਰੀ ਪੰਛੀਆਂ ਲਈ ਆਸਰਾ ਤੇ ਭੋਜਨ ਲੱਭਣ ’ਚ ਸਮੱਸਿਆਵਾਂ ਪੈਦਾ ਕਰਦੀ ਹੈ, ਜਿਸ ਕਾਰਨ ਇਹ ਪੰਛੀ ਕੇਸ਼ੋਪੁਰ ਛੰਬ ’ਚ ਆਉਣੇ ਸ਼ੁਰੂ ਹੋ ਜਾਂਦੇ ਹਨ। ਲਗਪਗ 811 ਏਕੜ ’ਚ ਫੈਲਿਆ ਕੇਸ਼ੋਪੁਰ ਛੰਬ ਇਨ੍ਹਾਂ ਵਿਦੇਸ਼ੀ ਪੰਛੀਆਂ ਦੇ ਆਉਣ ਨਾਲ ਜੀਵੰਤ ਹੋ ਗਿਆ ਹੈ। ਸਰਦੀਆਂ ਦੀ ਸ਼ੁਰੂਆਤ ਤੋਂ ਹੁਣ ਤੱਕ ਵੱਖ-ਵੱਖ ਕਿਸਮਾਂ ਦੇ ਲਗਪਗ ਢਾਈ ਹਜ਼ਾਰ ਵਿਦੇਸ਼ੀ ਪੰਛੀ ਇੱਥੇ ਆ ਚੁੱਕੇ ਹਨ। ਦਸੰਬਰ ਦੇ ਅੰਤ ਤੱਕ ਇੱਥੇ ਲਗਪਗ 20 ਹਜ਼ਾਰ ਪੰਛੀਆਂ ਦੇ ਪੁੱਜਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਦਹਾਕਿਆਂ ਤੋਂ ਸਰਦੀਆਂ ਦੇ ਮੌਸਮ ਦੌਰਾਨ, ਯੂਰਪ, ਚੀਨ, ਸਾਇਬੇਰੀਆ ਤੇ ਹੋਰ ਠੰਢੇ ਦੇਸ਼ਾਂ ਤੋਂ ਵਿਦੇਸ਼ੀ ਪੰਛੀ ਛੰਬ ’ਚ ਆਉਂਦੇ ਰਹੇ ਹਨ। ਪੰਛੀਆਂ ਦੀ ਆਮਦ ਸਰਦੀਆਂ ਦੌਰਾਨ ਜਾਰੀ ਰਹਿੰਦੀ ਹੈ ਪਰ ਜਿਵੇਂ ਹੀ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ ਇਹ ਪੰਛੀ ਵਾਪਸ ਚਲੇ ਜਾਂਦੇ ਹਨ।
ਹਰ ਸਾਲ ਪੰਛੀਆਂ ਦੀਆਂ ਕਿਸਮਾਂ ਬਾਰ ਹੈੱਡੇਡ ਗੂਸ, ਕਾਮਨ ਕੂਟ, ਨੌਰਦਰਨ ਪਿੰਟੇਲ, ਲਿਟਲ ਕਾਮਨ, ਕਾਮਨ ਟੀਲ, ਕਾਮਨ ਪੋਚਾਰਡ, ਨੌਰਦਰਨ ਸ਼ੋਵੇਲਰ, ਕੈਟਲ ਐਗਰੇਟ, ਕਾਮਨ ਮੂਰਹੇਨ, ਪਰਪਲ ਮੂਰਹੇਨ, ਬਲੈਕ ਹੈੱਡੇਡ ਗੁੱਲ, ਰਿਵਰ ਟਰਨ, ਗੈਡਵਾਲ, ਸਪਾਟ-ਬਿਲਡ ਡੱਕ, ਰਸ਼ੀਅਨ ਵਿਜਨ, ਬਲੈਕ-ਵਿੰਗਡ ਸਟਿਲਟ, ਬ੍ਰਾਊਨ-ਹੈੱਡੇਡ ਗੁੱਲ, ਰਿਵਰ ਲੈਪਵਿੰਗ ਤੇ ਹੋਰ ਕਿਸਮਾਂ ਦੇ ਪੰਛੀ ਕੇਸ਼ੋਪੁਰ ਛੰਬ ’ਚ ਆਉਂਦੇ ਹਨ। ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਜਾਣਗੀਆਂ ਛੰਬ ’ਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧੇਗੀ। ਪਿਛਲੇ ਸਾਲ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 20 ਹਜ਼ਾਰ ਤੋਂ ਵੱਧ ਪਰਵਾਸੀ ਪੰਛੀ ਇੱਥੇ ਪਹੁੰਚੇ ਸਨ। ਇਸ ਸਾਲ ਇਹ ਗਿਣਤੀ ਲਗਪਗ ਇਸੇ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਮੀਂਹ ਦਾ ਪਾਣੀ ਹੁੰਦਾ ਹੈ ਇਕੱਠਾ
ਜੰਗਲਾਤ ਗਾਰਡ ਮਨਵੀਰ ਸਿੰਘ ਨੇ ਦੱਸਿਆ ਕਿ ਛੰਬ ਪੰਜ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ’ਚ ਫੈਲਿਆ ਹੋਇਆ ਹੈ। ਇੱਥੇ ਸਭ ਕੁਝ ਕੁਦਰਤੀ ਹੈ। ਛੰਬ ’ਚ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ। ਕਈ ਪ੍ਰਜਾਤੀਆਂ ਦੇ ਪਰਵਾਸੀ ਪੰਛੀ ਹਰ ਸਾਲ ਇੱਥੇ ਆਉਂਦੇ ਹਨ। ਕੁਝ ਮੌਸਮ ਬਦਲਣ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ, ਜਦਕਿ ਕੁਝ ਇੱਥੇ ਵਸ ਜਾਂਦੇ ਹਨ। ਪਿਛਲੇ ਚਾਰ ਸਾਲਾਂ ਤੋਂ ਸਾਰਸ ਕ੍ਰੇਨ ਦਾ ਇਕ ਜੋੜਾ ਆਸਟ੍ਰੇਲੀਆ ਤੋਂ ਛੰਬ ’ਚ ਪਰਵਾਸ ਕਰ ਗਿਆ ਹੈ। ਛੰਬ ’ਚ ਆਉਣ ਵਾਲੇ ਸੈਲਾਨੀਆਂ ਤੇ ਸਕੂਲੀ ਬੱਚਿਆਂ ਨੂੰ ਕਮਿਊਨਿਟੀ ਹਾਲ ਆਡੀਟੋਰੀਅਮ ਵਿੱਚ ਸਲਾਈਡਾਂ ਰਾਹੀਂ ਪੰਛੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇੱਕ ਕੰਟੀਨ ਵੀ ਬਣਾਈ ਗਈ ਹੈ ਜਿੱਥੇ ਸੈਲਾਨੀ ਚਾਹ ਅਤੇ ਸਨੈਕਸ ਦਾ ਆਨੰਦ ਲੈ ਸਕਦੇ ਹਨ। ਸੈਲਾਨੀ ਵਾਚ ਟਾਵਰ ਤੋਂ ਦੂਰਬੀਨ ਰਾਹੀਂ ਪੰਛੀਆਂ ਨੂੰ ਨੇੜਿਓਂ ਦੇਖ ਸਕਦੇ ਹਨ। ਹਰ ਸਾਲ ਚੰਡੀਗੜ੍ਹ ਤੋਂ ਇੱਕ ਟੀਮ ਪੰਛੀਆਂ ਦੀ ਗਿਣਤੀ ਕਰਦੀ ਹੈ।