ਜੈ ਸ਼੍ਰੀ ਬਾਵਾ ਲਾਲ ਜੀ' ਦੇ ਜੈਕਾਰਿਆਂ ਨਾਲ ਗੂੰਜਿਆ ਆਕਾਸ਼: ਬਟਾਲਾ ਤੋਂ ਸ਼੍ਰੀ ਧਿਆਨਪੁਰ ਧਾਮ ਤੱਕ ਨਿਕਲੀ ਵਿਸ਼ਾਲ ਪੈਦਲ ਸ਼ੋਭਾ ਯਾਤਰਾ
ਬਟਾਲਾ ਤੋਂ ਧਿਆਨਪੁਰ ਤੱਕ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਦੀ ਸੇਵਾ ਲਈ ਰਸਤੇ ਵਿੱਚ ਕਈ ਤਰ੍ਹਾਂ ਦੇ ਅਤੁੱਟ ਲੰਗਰ ਲਗਾਏ ਗਏ ਸਨ। ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਅੱਗੇ ਨਜ਼ਰ ਆਇਆ।
Publish Date: Mon, 19 Jan 2026 11:55 AM (IST)
Updated Date: Mon, 19 Jan 2026 11:57 AM (IST)
ਸੁਖਦੇਵ ਸਿੰਘ, ਬਟਾਲਾ : ਜੋਗੀਰਾਜ ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਅਧਿਆਤਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ। ਬਟਾਲਾ ਤੋਂ ਸ਼੍ਰੀ ਧਿਆਨਪੁਰ ਧਾਮ ਤੱਕ ਕੱਢੀ ਗਈ ਵਿਸ਼ਾਲ ਪੈਦਲ ਸ਼ੋਭਾ ਯਾਤਰਾ ਦੌਰਾਨ ਸੰਗਤਾਂ ਦਾ ਅਥਾਹ ਸੈਲਾਬ ਉਮੜਿਆ ਅਤੇ ਆਕਾਸ਼ "ਜੈ ਸ਼੍ਰੀ ਬਾਵਾ ਲਾਲ ਜੀ, ਜੈ ਸ਼੍ਰੀ ਬਾਵਾ ਲਾਲ ਜੀ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਇਸ ਸ਼ੋਭਾ ਯਾਤਰਾ ਵਿੱਚ ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਜੀ ਦੀ ਸੁੰਦਰ ਪਾਲਕੀ ਸਜਾਈ ਗਈ ਸੀ। ਮੌਜੂਦਾ ਗੱਦੀ ਨਸ਼ੀਨ ਮਹੰਤ ਸ਼੍ਰੀ ਰਾਮ ਸੁੰਦਰਮ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਅਤੇ ਸੇਵਾਦਾਰ ਸ਼੍ਰੀ ਨੰਦੀ ਜੀ ਮਹਾਰਾਜ ਦੀ ਅਗਵਾਈ ਹੇਠ ਇਹ ਯਾਤਰਾ ਆਰੰਭ ਹੋਈ। ਵੱਡੀ ਗਿਣਤੀ ਵਿੱਚ ਸੰਗਤਾਂ ਭਜਨ-ਕੀਰਤਨ ਕਰਦੀਆਂ ਹੋਈਆਂ ਸ਼ਰਧਾ ਦੇ ਨਾਲ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਸ਼੍ਰੀ ਧਿਆਨਪੁਰ ਧਾਮ ਵੱਲ ਰਵਾਨਾ ਹੋਈਆਂ।
ਥਾਂ-ਥਾਂ ਹੋਇਆ ਭਰਵਾਂ ਸਵਾਗਤ
ਬਟਾਲਾ ਤੋਂ ਧਿਆਨਪੁਰ ਤੱਕ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਦੀ ਸੇਵਾ ਲਈ ਰਸਤੇ ਵਿੱਚ ਕਈ ਤਰ੍ਹਾਂ ਦੇ ਅਤੁੱਟ ਲੰਗਰ ਲਗਾਏ ਗਏ ਸਨ। ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਅੱਗੇ ਨਜ਼ਰ ਆਇਆ।
15 ਕਿਲੋਮੀਟਰ ਦਾ ਪੈਦਲ ਸਫ਼ਰ
ਪ੍ਰਬੰਧਕ ਦਿਨੇਸ਼ ਕੋਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਇਹ ਰਵਾਇਤੀ ਪੈਦਲ ਸ਼ੋਭਾ ਯਾਤਰਾ ਬਟਾਲਾ ਤੋਂ ਸਜਾਈ ਜਾਂਦੀ ਹੈ। ਸੰਗਤਾਂ ਪੂਰੀ ਸ਼ਰਧਾ ਨਾਲ ਲਗਪਗ 15 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਸ਼ਾਮ ਨੂੰ ਸ਼੍ਰੀ ਧਿਆਨਪੁਰ ਧਾਮ ਵਿਖੇ ਪਹੁੰਚਦੀਆਂ ਹਨ, ਜਿੱਥੇ ਮੁੱਖ ਸਮਾਗਮ ਕਰਵਾਏ ਜਾਂਦੇ ਹਨ।