ਹੋ ਜਾਓ ਸਾਵਧਾਨ! ਲੋਕਾਂ ਨੂੰ ਖੁਆਇਆ ਜਾ ਰਿਹੈ 'ਮਿੱਠਾ ਜ਼ਹਿਰ', ਕਿਤੇ ਤੁਸੀਂ ਵੀ ਤਾਂ ਨਹੀਂ ਵਰਤ ਰਹੇ ਕੈਮੀਕਲ ਵਾਲਾ ਗੁੜ
ਇਸ ਮੌਕੇ ਕਿਸਾਨ ਆਗੂ ਪਲਵਿੰਦਰ ਸਿੰਘ ਮਠੋਲਾ ਨੇ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਕੋਲੋਂ ਗੁੜ ਖਰੀਦਣਾ ਬੰਦ ਕਰ ਦੇਣ ਤਾਂ ਕਿ ਇਹ ਲੋਕ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ।
Publish Date: Sat, 06 Dec 2025 11:11 AM (IST)
Updated Date: Sat, 06 Dec 2025 11:15 AM (IST)
ਸਿੰਘ ਸੰਧੂ, ਪੰਜਾਬੀ ਜਾਗਰਣ, ਸ਼੍ਰੀ ਹਰਗੋਬਿੰਦਪੁਰ ਸਾਹਿਬ : ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਬਾਹਰਲੇ ਸੂਬਿਆਂ ਤੋਂ ਪ੍ਰਵਾਸੀ ਲੋਕ ਪੰਜਾਬ ਵਿੱਚ ਆ ਕੇ ਗੁੜ ਬਣਾ ਕੇ ਵੇਚਣ ਦਾ ਸੜਕਾਂ ਕਿਨਾਰੇ ਧੰਦਾ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਨੇ ਆਪਣੇ ਕਿਸਾਨ ਸਾਥੀਆਂ ਨਾਲ ਲਾਈਟਾਂ ਵਾਲੇ ਚੌਂਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਬਣ ਰਹੇ ਗੁੜ ਦੇ ਵੇਲਣੇ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ, ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ, ਅਜੈਬ ਸਿੰਘ ਪੱਡਾ, ਗੁਲਜਾਰ ਸਿੰਘ ਕਪੂਰਾ, ਗੁਰਦਿਆਲ ਸਿੰਘ ਬਾਘੇ, ਜਸਵੰਤ ਸਿੰਘ ਮਠੋਲਾ, ਰਣਜੀਤ ਸਿੰਘ ਪੱਡਾ, ਜਸਵੰਤ ਸਿੰਘ ਮਠੋਲਾ, ਲਖਬੀਰ ਸਿੰਘ ਦਕੋਹਾ, ਹਰਮੰਤ ਸਿੰਘ ਪੱਡਾ ਗੁੜ ਬਣਾਉਣ ਵਾਲੀ ਮਿਨੀ ਫੈਕਟਰੀ ਦੀ ਚੈਕਿੰਗ ਕੀਤੀ, ਜਿਸ ਦੌਰਾਨ ਉਨਾਂ ਕੋਲੋਂ 90 ਕਿਲੋ ਦੇ ਦੋ ਕੈਨ ਕੈਮੀਕਲ ਗੁੜ ਵਿਚ ਵਰਤੇ ਜਾਣ ਵਾਲਾ ਫੜਿਆ ਗਿਆ।
ਇਸ ਮੌਕੇ ਕਿਸਾਨ ਆਗੂ ਪਲਵਿੰਦਰ ਸਿੰਘ ਮਠੋਲਾ ਨੇ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਕੋਲੋਂ ਗੁੜ ਖਰੀਦਣਾ ਬੰਦ ਕਰ ਦੇਣ ਤਾਂ ਕਿ ਇਹ ਲੋਕ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ। ਉਹਨਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਅਸਿਸਟੈਂਟ ਫੂਡ ਸੇਫਟੀ ਕਮਿਸ਼ਨਰ ਡਾਕਟਰ ਪੰਨੂ ਲਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਕੁਝ ਗੁੜ ਬਣਾਉਣ ਵਾਲੀਆਂ ਛੋਟੀਆਂ ਗੁੜ ਫੈਕਟਰੀਆਂ ਦਾ ਗੁੜ ਅਤੇ ਸ਼ੱਕਰ ਦੇ ਸੈਂਪਲ ਭਰੇ ਹੋਏ ਹਨ, ਜਿਨ੍ਹਾਂ ਦਾ ਨਤੀਜਾ ਆਉਣ ’ਤੇ ਇਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਦੇ ਹੋਰ ਅਜਿਹੇ ਗੁੜ ਬਣਾਉਣ ਵਾਲੇ ਲੋਕਾਂ ’ਤੇ ਛਾਪੇ ਮਾਰ ਕੇ ਸੈਂਪਲ ਭਰੇ ਜਾਣਗੇ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।