ਮੋਹਾਲੀ 'ਚ ਮਾਲਕਣ ਦੀ ਹੱਤਿਆ ਕਰ ਖ਼ੁਦ ਬਣ ਗਿਆ ਵਿਕਟਿਮ, ਪੁਲਿਸ ਆਈ ਤਾਂ ਕੁਰਸੀ ਨਾਲ ਬੱਝਾ ਮਿਲਿਆ; ਨੌਕਰ ਨੇ ਇੰਝ ਘੜੀ ਸੀ ਸਾਜ਼ਿਸ਼
ਵਾਰਦਾਤ ਤੋਂ ਬਾਅਦ ਨੌਕਰ ਨੀਰਜ (25) ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਖ਼ੁਦ ਨੂੰ ਕੁਰਸੀ ਨਾਲ ਬੰਨ੍ਹਿਆ ਹੋਇਆ ਦਿਖਾਇਆ ਤੇ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਉਸ ਦੇ ਸਿਰ ’ਤੇ ਵਾਰ ਕੀਤਾ ਸੀ ਪਰ ਪੁਲਿਸ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਨੀਰਜ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
Publish Date: Sat, 03 Jan 2026 09:54 AM (IST)
Updated Date: Sat, 03 Jan 2026 01:03 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਮੋਹਾਲੀ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦੇ ਕਤਲ ਦੀ ਗੁੱਥੀ ਨੂੰ ਮੁਹਾਲੀ ਪੁਲਿਸ ਨੇ ਸੁਲਝਾ ਲਈ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਦਰਦਨਾਕ ਹੱਤਿਆ ਦਾ ਮਾਸਟਰਮਾਈਂਡ ਪਰਿਵਾਰ ਦਾ ਨੌਕਰ ਨੀਰਜ ਹੀ ਸੀ, ਜਿਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਖ਼ੂਨੀ ਸਾਜ਼ਿਸ਼ ਨੂੰ ਅੰਜਾਮ ਦਿੱਤਾ।
ਵਾਰਦਾਤ ਤੋਂ ਬਾਅਦ ਨੌਕਰ ਨੀਰਜ (25) ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਖ਼ੁਦ ਨੂੰ ਕੁਰਸੀ ਨਾਲ ਬੰਨ੍ਹਿਆ ਹੋਇਆ ਦਿਖਾਇਆ ਤੇ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਉਸ ਦੇ ਸਿਰ ’ਤੇ ਵਾਰ ਕੀਤਾ ਸੀ ਪਰ ਪੁਲਿਸ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਨੀਰਜ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਜਦਕਿ ਮ੍ਰਿਤਕ ਮਹਿਲਾ ਨੇ ਹਮਲਾਵਰਾਂ ਦਾ ਸਖ਼ਤ ਮੁਕਾਬਲਾ ਕੀਤਾ ਸੀ। ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਨੀਰਜ ਟੁੱਟ ਗਿਆ ਤੇ ਆਪਣਾ ਗੁਨਾਹ ਕਬੂਲ ਕਰ ਲਿਆ।
ਪੁਲਿਸ ਮੁਤਾਬਕ ਮੁਲਜ਼ਮ ਘਰ ’ਚੋਂ 40 ਤੋਲੇ ਸੋਨਾ (ਕੀਮਤ ਲਗਪਗ 53.77 ਲੱਖ ਰੁਪਏ) ਤੇ ਸਾਢੇ 8 ਲੱਖ ਰੁਪਏ ਨਕਦ ਲੈ ਕੇ ਫ਼ਰਾਰ ਹੋਏ ਹਨ। ਨੀਰਜ ਪਿਛਲੇ 9 ਸਾਲਾ ਤੋਂ ਇਸ ਪਰਿਵਾਰ ਕੋਲ ਕੰਮ ਕਰ ਰਿਹਾ ਸੀ ਤੇ ਉਸ ਨੂੰ ਪਤਾ ਸੀ ਕਿ ਮਹਿਲਾ ਘਰ ’ਚ ਇਕੱਲੀ ਹੈ, ਕਿਉਂਕਿ ਉਸ ਦੇ ਪਤੀ ਵਿਦੇਸ਼ ਗਏ ਹੋਏ ਸਨ।
ਐੱਸਪੀ (ਸਿਟੀ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਫੇਜ਼-5 ਪੀਟੀਐੱਲ ਚੌਕ ਤੋਂ ਆਟੋ ਰਾਹੀਂ ਰੇਲਵੇ ਸਟੇਸ਼ਨ ਪਹੁੰਚੇ। ਪੁਲਿਸ ਕੋਲ ਸੀਸੀਟੀਵੀ ਫੁਟੇਜ ਮੌਜੂਦ ਹੈ, ਜਿਸ ’ਚ ਮੁਲਜ਼ਮ ਆਉਂਦੇ-ਜਾਂਦੇ ਦਿਖਾਈ ਦੇ ਰਹੇ ਹਨ। ਨੀਰਜ ਦੇ ਦੋਵੇਂ ਫ਼ਰਾਰ ਸਾਥੀ, ਜੋ ਕਿ ਉੱਤਰਾਖੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।