ਰੂਪਨਗਰ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਦੀ ਮੌਜੂਦਗੀ ’ਚ ਦੱਸਿਆ ਕਿ ਗੁਰਵਿੰਦਰ ਸਿੰਘ ਗੁਰੀ, ਜੋ ਕਿ ਉੱਤਰਾਖੰਡ ਦੇ ਰੁੜਕੀ ਦਾ ਰਹਿਣ ਵਾਲਾ ਸੀ, ਬੁੱਧਵਾਰ ਨੂੰ ਆਪਣੀ ਪਤਨੀ ਨਾਲ ਡਰੱਗ ਤਸਕਰੀ ਦੇ ਇਕ ਕੇਸ ’ਚ ਪੇਸ਼ੀ ਭੁਗਤਣ ਅਦਾਲਤ ’ਚ ਆਇਆ ਸੀ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਮੋਹਾਲੀ : ਮੋਹਾਲੀ ’ਚ ਬੁੱਧਵਾਰ ਦੁਪਹਿਰ ਨੂੰ ਡਰੱਗ ਤਸਕਰੀ ਦੇ ਮੁਲਜ਼ਮ ਦਾ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ’ਚ ਮ੍ਰਿਤਕ ਦੀ ਪਤਨੀ ਵਾਲ-ਵਾਲ ਬਚੀ। ਇਸ ਕਤਲ ਕਾਂਡ ਤੋਂ ਕੁਝ ਦੇਰ ਬਾਅਦ ਹੀ ਇੰਟਰਨੈੱਟ ਮੀਡੀਆ ’ਤੇ ਇਕ ਪੋਸਟ ਵਾਇਰਲ ਹੋਈ, ਜਿਸ ’ਚ ਅੱਤਵਾਦੀ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵੱਲੋਂ ਹੱਤਿਆ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਪੋਸਟ ’ਚ ਕਿਹਾ ਗਿਆ ਕਿ ਇਹ ਵਾਰਦਾਤ ਉਨ੍ਹਾਂ ਦੇ ਭਰਾ ਗੁਰਲਾਲ ਬਰਾੜ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲਿਸ ਨੇ ਗੋਲਡੀ ਬਰਾੜ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਰੂਪਨਗਰ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਦੀ ਮੌਜੂਦਗੀ ’ਚ ਦੱਸਿਆ ਕਿ ਗੁਰਵਿੰਦਰ ਸਿੰਘ ਗੁਰੀ, ਜੋ ਕਿ ਉੱਤਰਾਖੰਡ ਦੇ ਰੁੜਕੀ ਦਾ ਰਹਿਣ ਵਾਲਾ ਸੀ, ਬੁੱਧਵਾਰ ਨੂੰ ਆਪਣੀ ਪਤਨੀ ਨਾਲ ਡਰੱਗ ਤਸਕਰੀ ਦੇ ਇਕ ਕੇਸ ’ਚ ਪੇਸ਼ੀ ਭੁਗਤਣ ਅਦਾਲਤ ’ਚ ਆਇਆ ਸੀ। ਪੇਸ਼ੀ ਤੋਂ ਬਾਅਦ ਜਦੋਂ ਉਹ ਡੀਏਸੀ ਮੋਹਾਲੀ ਨੇੜੇ ਏਸੀਸੀ ਹਾਊਸਿੰਗ ਸੁਸਾਇਟੀ ਦੇ ਬਾਹਰ ਸੜਕ ’ਤੇ ਖੜ੍ਹੀ ਆਪਣੀ ਕਾਰ ਦੀ ਡਿੱਕੀ ਖੋਲ੍ਹ ਰਿਹਾ ਸੀ ਤਾਂ ਮੌਕੇ ’ਤੇ ਮੌਜੂਦ ਹਮਲਾਵਾਂ ਨੇ ਉਸ ’ਤੇ ਕਈ ਗੋਲ਼ੀਆਂ ਚਲਾਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ ਲਗਭਗ 14-15 ਰਾਊਂਡ ਫਾਇਰ ਕੀਤੇ। ਗੁਰਵਿੰਦਰ ਦੇ ਤਿੰਨ ਗੋਲ਼ੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲੇ ਦੌਰਾਨ ਗੁਰਵਿੰਦਰ ਦੀ ਪਤਨੀ ਨੇ ਰੌਲਾ ਪਾਇਆ ਤਾਂ ਹਮਲਾਵਰਾਂ ਨੇ ਉਸ ਵੱਲ ਵੀ ਗੋਲ਼ੀਆਂ ਚਲਾਈਆਂ। ਇਕ ਗੋਲ਼ੀ ਉਸ ਦੇ ਸਿਰ ਨੂੰ ਛੋਹ ਕੇ ਲੰਘ ਲਗਈ ਤੇ ਉਹ ਵਾਲ-ਵਾਲ ਬਚ ਗਈ। ਚਸ਼ਮਦੀਦਾਂ ਮੁਤਾਬਕ ਹਮਲਾਵਰ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ’ਤੇ ਆਏ ਸਨ। ਉਨ੍ਹਾਂ ’ਚੋਂ ਇਕ ਨੇ ਟੋਪੀ ਪਾਈ ਹੋਈ ਸੀ ਜਦਕਿ ਦੂਜੇ ਨੇ ਪੱਗ ਬੰਨ੍ਹੀ ਹੋਈ ਸੀ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜ ਗਈ। ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਤੁਰੰਤ ਬੰਦ ਕਰ ਦਿੱਤੇ ਗਏ। ਵਾਰਦਾਤ ਵਾਲੀ ਥਾਂ ਦੇ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਗਈ। ਬਾਅਦ ’ਚ ਪਤਨੀ ਦੇ ਬਿਆਨ ਦੇ ਆਧਾਰ ’ਤੇ ਥਾਣਾ ਸੋਹਾਣਾ ’ਚ ਗੋਲਡੀ ਬਰਾੜ ਖ਼ਿਲਾਫ਼ ਪਹਿਲੀ ਨਜ਼ਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ ਗੁਰਵਿੰਦ ਸਿੰਘ ਨੂੰ ਗੋਲਡੀ ਬਰਾੜ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਕਿਉਂਕਿ ਉਹ ਗੁਰਲਾਲ ਬਰਾੜ ਦੇ ਕਤਲਕਾਂਡ ’ਚ ਨਾਮਜ਼ਦ ਮੁਲਜ਼ਮ ਸੀ, ਜੋ ਗੋਲਡੀ ਬਰਾੜ ਦਾ ਰਿਸ਼ਤੇ ’ਚ ਭਰਾ ਸੀ।
ਛੇਤੀ ਗ੍ਰਿਫ਼ਤਾਰ ਕਰ ਲਏ ਜਾਣਗੇ ਮੁਲਜ਼ਮ
ਰੂਪਨਗਰ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਦਾ ਅਪਰਾਧਕ ਰਿਕਾਰਡ ਸੀ। ਉਹ 4 ਕਿੱਲੋ ਅਫ਼ੀਮ ਦੀ ਬਰਾਮਦਗੀ ਦੇ ਕੇਸ ’ਚ ਨਾਮਜ਼ਦ ਸੀ ਤੇ ਅੱਜ ਉਸੇ ਕੇਸ ਦੀ ਪੇਸ਼ੀ ਭੁਗਤਣ ਅਦਾਲਤ ਆਇਆ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਗੁਰਵਿੰਦਰ ਸਿੰਘ ਗੁਰਲਾਲ ਬਰਾੜ ਕੇਸ ’ਚ ਵੀ ਨਾਮਜ਼ਦ ਸੀ। ਪੁਲਿਸ ਹੁਣ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਉਸ ਕਤਲ ’ਚ ਇਸ ਦਾ ਕੀ ਰੋਲ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਜੁਟ ਗਈਆਂ ਹਨ ਤੇ ਛੇਤੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।