ਮੰਗਲਵਾਰ ਨੂੰ ਸਫ਼ਲਤਾਪੂਰਕ ਟਰਾਂਸਪਲਾਂਟ ਕੀਤੇ ਗਏ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ, ਜਦੋਂ ਕਿਸੇ ਸਰਕਾਰੀ ਸੰਸਥਾ ਵਿਚ ਇੰਨੀ ਜਟਿਲ ਅਤੇ ਸੰਵੇਦਨਸ਼ੀਲ ਸਰਜਰੀ ਸਫ਼ਲਤਾਪੂਰਕ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਸਕੱਤਰ ਸਿਹਤ ਕੁਮਾਰ ਰਾਹੁਲ ਵੀ ਮੌਜੂਦ ਸਨ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਹਤ ਸੇਵਾਵਾਂ ਦੇ ਖੇਤਰ ਵਿਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਪੰਜਾਬ ਸਰਕਾਰ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਵਿਚ ਪਹਿਲਾ ਸਫ਼ਲ ਲਿਵਰ ਟਰਾਂਸਪਲਾਂਟ ਸਰਜਰੀ ਕਰ ਕੇ ਇਤਿਹਾਸ ਰਚਿਆ ਹੈ।
ਮੰਗਲਵਾਰ ਨੂੰ ਸਫ਼ਲਤਾਪੂਰਕ ਟਰਾਂਸਪਲਾਂਟ ਕੀਤੇ ਗਏ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ, ਜਦੋਂ ਕਿਸੇ ਸਰਕਾਰੀ ਸੰਸਥਾ ਵਿਚ ਇੰਨੀ ਜਟਿਲ ਅਤੇ ਸੰਵੇਦਨਸ਼ੀਲ ਸਰਜਰੀ ਸਫ਼ਲਤਾਪੂਰਕ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਸਕੱਤਰ ਸਿਹਤ ਕੁਮਾਰ ਰਾਹੁਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਜ਼ਿੰਦਗੀ ਬਚਾਉਣ ਵਾਲਾ ਇਲਾਜ ਮਰੀਜ਼ ਨੂੰ ਕਰੀਬ 12 ਲੱਖ ਰੁਪਏ ਵਿਚ ਮੁਹੱਈਆ ਕਰਵਾਇਆ ਗਿਆ ਹੈ, ਜਦਕਿ ਨਿੱਜੀ ਹਸਪਤਾਲਾਂ ਵਿਚ ਇਹ ਇਲਾਜ 45 ਤੋਂ 50 ਲੱਖ ’ਚ ਪੈਂਦਾ ਹੈ। ਇਹ ਸਰਜਰੀ 27 ਨਵੰਬਰ 2025 ਨੂੰ ਕੀਤੀ ਗਈ ਸੀ ਅਤੇ ਮਰੀਜ਼ ਦੀ ਹਾਲਤ ਬਿਲਕੁੱਲ ਠੀਕ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਅਗਲੇ ਇਕ-ਦੋ ਦਿਨਾਂ ਵਿਚ ਛੁੱਟੀ ਮਿਲਣ ਦੀ ਉਮੀਦ ਹੈ।
ਸਿਹਤ ਮੰਤਰੀ ਨੇ ਸੰਸਥਾ ਦੇ ਡਾਇਰੈਕਟਰ ਅਤੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵੀਰੇਂਦਰ ਸਿੰਘ ਅਤੇ ਲਿਵਰ ਟਰਾਂਸਪਲਾਂਟ ਅਤੇ ਹੈਪਾਟੋਬਿਲੀਅਰੀ ਸਰਜਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਕੇ. ਰਾਜਸ਼ੇਖਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੂੰ ਵਧਾਈ ਦਿੰਦਿਆਂ, ਇਸ ਸਫ਼ਲਤਾ ਨੂੰ ਸੰਸਥਾ ਲਈ ਵੱਡਾ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਨੇ ਪੀਜੀਆਈਐੱਮਈਆਰ, ਚੰਡੀਗੜ੍ਹ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰਿਆਣਾ ਦੇ ਇਕ ਬ੍ਰੇਨ ਡੈੱਡ ਵਿਅਕਤੀ ਤੋਂ ਅੰਗ ਉਪਲੱਬਧ ਕਰਵਾਇਆ। ਉਨ੍ਹਾਂ ਨੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਸ ਦੀ ਬਦੌਲਤ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਪੰਜਾਬ ਦਾ ਪਹਿਲਾ ਸਮਰਪਿਤ ਲਿਵਰ ਅਤੇ ਬਿਲੀਅਰੀ ਵਿਗਿਆਨ ਕੇਂਦਰ ਹੋਣ ਦੇ ਨਾਤੇ, ਪੂਰਨ ਇਲਾਜ, ਅਧੁਨਿਕ ਇਲਾਜ ਪ੍ਰਕਿਰਿਆਵਾਂ ਅਤੇ 24x7 ਐਮਰਜੈਂਸੀ ਅਤੇ ਆਈਸੀਯੂ ਸਹੂਲਤਾਂ ਉਪਲਬਧ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 175 ਬਿਸਤਰਿਆਂ ਵਾਲਾ ਨਵਾਂ ਇਨਡੋਰ ਬਲਾਕ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੰਸਥਾ ਦੀ ਸਮਰੱਥਾ ਵਿਚ ਹੋਰ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਨਵਾਂ ਬਣਿਆ ਡਾਇਗਨੋਸਟਿਕ ਬਲਾਕ ਹੁਣ ਚਾਲੂ ਹੋ ਚੁੱਕਾ ਹੈ, ਜਿੱਥੇ ਡਿਜੀਟਲ ਸਬਟ੍ਰੈਕਸ਼ਨ ਐਂਜੀਓਗ੍ਰਾਫੀ ਮਸ਼ੀਨ ਸਥਾਪਤ ਕੀਤੀ ਗਈ ਹੈ। ਨਵੇਂ ਸੀਟੀ ਸਕੈਨਰ ਲਈ ਆਰਡਰ ਜਾਰੀ ਹੋ ਚੁੱਕਾ ਹੈ, ਐੱਮਆਰਆਈ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ ਅਤੇ ਇਕ ਹਫ਼ਤੇ ਅੰਦਰ ਆਟੋਮੇਟਿਡ ਬਾਇਓਕੈਮੀਸਟਰੀ ਐਨਾਲਾਈਜ਼ਰ ਵੀ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ। ਇੱਥੇ ਇਕ ਅਧੁਨਿਕ ਬਲੱਡ ਬੈਂਕ ਵੀ ਸਥਾਪਿਤ ਕੀਤਾ ਗਿਆ ਹੈ, ਜੋ ਪੰਜਾਬ ਦੇ ਸਭ ਤੋਂ ਆਧੁਨਿਕ ਬਲੱਡ ਬੈਂਕਾਂ ਵਿਚੋਂ ਇਕ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਹੈਪਾਟੋਬਿਲੀਅਰੀ ਵਿਗਿਆਨ ਵਿਚ ਕਲੀਨਿਕਲ ਸਰਵੋਤਮਤਾ, ਖੋਜ ਅਤੇ ਸਿਖਲਾਈ ਲਈ ਵਿਸ਼ਵ ਪੱਧਰੀ ਕੇਂਦਰ ਬਣਨ ਵੱਲ ਲਗਾਤਾਰ ਅੱਗੇ ਵਧ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸੈਕੰਡਰੀ ਅਤੇ ਟ੍ਰਸ਼ਰੀ ਸਿਹਤ ਸਹੂਲਤਾਂ ਨਾਲ ਲੈੱਸ ਕਰ ਰਹੀ ਹੈ, ਜਿਨ੍ਹਾਂ ਵਿਚ ਨਿਊਰੋ ਅਤੇ ਕਾਰਡੀਓ ਲੈਬ ਵੀ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਗਲੇ ਸਾਲ ਤੱਕ ਪੰਜਾਬ ਦੀ ਪਹਿਲੀ ਸਰਕਾਰੀ ਸੰਸਥਾ ਬਣ ਜਾਵੇਗੀ, ਜਿੱਥੇ ਗੁਰਦਾ ਟਰਾਂਸਪਲਾਂਟ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਜਲਦ ਹੀ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਅੰਗ ਪ੍ਰਾਪਤੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ।
ਅੰਗ ਦਾਨ ਲਈ ਅਪੀਲ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇਸ਼ ਵਿਚ ਨੌਵੇਂ ਸਥਾਨ ’ਤੇ ਹੈ, ਜਿੱਥੇ 20,000 ਤੋਂ ਵੱਧ ਅੰਗ ਦਾਤਾ ਰਜਿਸਟਰਡ ਹਨ, ਅਤੇ ਪੰਜਾਬ ਜਲਦ ਹੀ ਦੇਸ਼ ਦੇ ਸਿਖ਼ਰਲੇ ਰਾਜਾਂ ਵਿਚ ਸ਼ਾਮਲ ਹੋਵੇਗਾ। ਸਰਕਾਰ ਦੀ ਮੁਫ਼ਤ ਇਲਾਜ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਰੁਪਏ 10 ਲੱਖ ਤੱਕ ਦੀ ਕੈਸ਼ਲੈਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕਰਨ ਲਈ ਏਜੰਸੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਹ ਯੋਜਨਾ ਜਨਵਰੀ 2026 ਤੋਂ ਪੂਰੇ ਰਾਜ ਵਿਚ ਲਾਗੂ ਕਰ ਦਿੱਤੀ ਜਾਵੇਗੀ।