ਅਨੀਤਾ ਦਾ ਵਿਆਹ ਕਰੀਬ 12 ਸਾਲ ਪਹਿਲਾਂ ਕੁਲਵਿੰਦਰ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ—9-10 ਸਾਲ ਦਾ ਇਕ ਬੇਟਾ ਅਤੇ ਡੇਢ ਸਾਲ ਦੀ ਬੇਟੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਤੋਂ ਹੀ ਅਨੀਤਾ ਨੂੰ ਪਤੀ, ਸੱਸ ਤੇ ਸਹੁਰੇ ਵੱਲੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਵੇਦ ਸ਼ਰਮਾ, ਮੋਹਾਲੀ : ਖਰੜ ਦੇ ਵਾਰਡ ਨੰਬਰ-4 'ਚ 36 ਸਾਲਾ ਅਨੀਤਾ ਰਾਣੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਵਿਆਹ ਦੇ 12 ਸਾਲਾਂ ਦੌਰਾਨ ਰੋਜ਼-ਰੋਜ਼ ਦੇ ਕਲੇਸ਼ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਇਸ ਘਟਨਾ ਨਾਲ ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਪੁਲਿਸ ਨੇ ਅਨੀਤਾ ਦੇ ਪਤੀ ਕੁਲਵਿੰਦਰ ਸਿੰਘ, ਸਹੁਰੇ ਪ੍ਰੇਮ ਸਿੰਘ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਅਨੀਤਾ ਦੇ ਭਰਾ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਛੋਟੀ ਭੈਣ ਗੁਰਮੀਤ ਕੌਰ ਨੇ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ ਅਨੀਤਾ ਅਤੇ ਉਸ ਦੇ ਸਹੁਰੇ ਵਿਚਕਾਰ ਫਿਰ ਤੋਂ ਝਗੜਾ ਹੋ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਅਨੀਤਾ ਨਾਲ ਗੱਲ ਕੀਤੀ ਤਾਂ ਉਹ ਫੋਨ 'ਤੇ ਰੋਂਦੇ ਹੋਏ ਬੋਲੀ ਕਿ ਉਹ ਜ਼ਿੰਦਗੀ ਤੋਂ ਤੰਗ ਆ ਚੁੱਕੀ ਹੈ ਅਤੇ ਰੋਜ਼-ਰੋਜ਼ ਦੇ ਝਗੜਿਆਂ ਤੋਂ ਪਰੇਸ਼ਾਨ ਹੋ ਕੇ ਮਰਨਾ ਚਾਹੁੰਦੀ ਹੈ। ਰਾਕੇਸ਼ ਨੇ ਤੁਰੰਤ ਖਰੜ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਸਹੁਰੇ ਘਰ ਪਹੁੰਚਿਆ ਤਾਂ ਅਨੀਤਾ ਨੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।
ਪੁਲਿਸ ਅਨੁਸਾਰ ਅਨੀਤਾ ਦਾ ਵਿਆਹ ਕਰੀਬ 12 ਸਾਲ ਪਹਿਲਾਂ ਕੁਲਵਿੰਦਰ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ—9-10 ਸਾਲ ਦਾ ਇਕ ਬੇਟਾ ਅਤੇ ਡੇਢ ਸਾਲ ਦੀ ਬੇਟੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਤੋਂ ਹੀ ਅਨੀਤਾ ਨੂੰ ਪਤੀ, ਸੱਸ ਤੇ ਸਹੁਰੇ ਵੱਲੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਅਨੀਤਾ ਕਈ ਵਾਰ ਪੇਕੇ ਆ ਕੇ ਆਪਣਾ ਦੁੱਖ ਪਰਿਵਾਰ ਨੂੰ ਦੱਸਦੀ ਸੀ। ਪਰਿਵਾਰ ਵੱਲੋਂ ਆਪਸੀ ਸਮਝੌਤਾ ਕਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਕੁਝ ਦਿਨ ਪਹਿਲਾਂ ਵੀ ਅਨੀਤਾ ਨੇ ਫੋਨ ਕਰ ਕੇ ਦੱਸਿਆ ਸੀ ਕਿ ਉਸ ਦਾ ਸਹੁਰਾ ਉਸ ਨਾਲ ਲਗਾਤਾਰ ਝਗੜਾ ਕਰ ਰਿਹਾ ਹੈ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸੀ। ਥਾਣਾ ਮੁਖੀ ਅਨੁਸਾਰ ਅਨੀਤਾ ਦੇ ਪਤੀ ਕੁਲਵਿੰਦਰ ਸਿੰਘ, ਸਹੁਰੇ ਪ੍ਰੇਮ ਸਿੰਘ ਅਤੇ ਸੱਸ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।