ਗਿੱਦੜਬਾਹਾ ਦੀ 'ਸ਼ੇਰਨੀ' ਬਜ਼ੁਰਗ ਔਰਤ: ਮੱਥਾ ਟੇਕ ਕੇ ਪਰਤ ਰਹੀ ਮਾਤਾ ਨਾਲ ਭਿੜੇ ਲੁਟੇਰੇ, ਸਹਾਰੇ ਵਾਲੇ ਡੰਡੇ ਨਾਲ ਸਿਖਾਇਆ ਸਬਕ
ਦਿਵਿਆਂਗ ਪ੍ਰਕਾਸ਼ ਨੂੰ ਖ਼ੁਦ ਨੂੰ ਡੰਡੇ ਦਾ ਸਹਾਰਾ ਹੈ ਪਰ ਲੁਟੇਰਿਆਂ ਨਾਲ ਘਿਰੀ ਤਾਂ ਆਪਣੇ ਡੰਡੇ ਨੂੰ ਆਪਣਾ ਹਥਿਆਰ ਬਣਾ ਲਿਆ। ਡੰਡੇ ਨਾਲ ਕੁੱਟ ਕੇ ਲੁਟੇਰਿਆਂ ਨੂੰ ਭੱਜਣ ’ਤੇ ਮਜਬੂਰ ਕਰ ਦਿੱਤਾ ਤੇ ਦਿਖਾ ਦਿੱਤਾ ਕਿ ਉਮਰ ਹੌਸਲੇ ਦੇ ਅੱਗੇ ਕੁਝ ਵੀ ਨਹੀਂ।
Publish Date: Sun, 28 Dec 2025 09:34 AM (IST)
Updated Date: Sun, 28 Dec 2025 09:38 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ (ਮੁਕਤਸਰ) : ਗਿੱਦੜਬਾਹਾ ਦੇ ਪਿੰਡ ਘੱਗਾ ’ਚ ਗਲੀ ’ਚ ਇਕੱਲੇ ਪੈਦਲ ਜਾ ਰਹੀ 65 ਸਾਲਾ ਦਿਵਿਆਂਗ ਬਜ਼ੁਰਗ ਔਰਤ ਪ੍ਰਕਾਸ਼ ਕੌਰ ਨੂੰ ਲੁੱਟਣ ਲਈ ਤਿੰਨ ਲੁਟੇਰੇ ਪੈ ਗਏ। ਦਿਵਿਆਂਗ ਪ੍ਰਕਾਸ਼ ਨੂੰ ਖ਼ੁਦ ਨੂੰ ਡੰਡੇ ਦਾ ਸਹਾਰਾ ਹੈ ਪਰ ਲੁਟੇਰਿਆਂ ਨਾਲ ਘਿਰੀ ਤਾਂ ਆਪਣੇ ਡੰਡੇ ਨੂੰ ਆਪਣਾ ਹਥਿਆਰ ਬਣਾ ਲਿਆ। ਡੰਡੇ ਨਾਲ ਕੁੱਟ ਕੇ ਲੁਟੇਰਿਆਂ ਨੂੰ ਭੱਜਣ ’ਤੇ ਮਜਬੂਰ ਕਰ ਦਿੱਤਾ ਤੇ ਦਿਖਾ ਦਿੱਤਾ ਕਿ ਉਮਰ ਹੌਸਲੇ ਦੇ ਅੱਗੇ ਕੁਝ ਵੀ ਨਹੀਂ।
ਪਿੰਡ ਘੱਗਾ ’ਚ ਦੁਪਹਿਰ 12 ਵਜੇ 65 ਸਾਲਾ ਦਿਵਿਆਂਗ ਬਜ਼ੁਰਗ ਔਰਤ ਪ੍ਰਕਾਸ਼ ਕੌਰ ਗੁਰਦੁਆਰੇ ’ਚ ਮੱਥਾ ਟੇਕ ਕੇ ਡੰਡੇ ਦੇ ਸਹਾਰੇ ਘਰ ਪਰਤ ਰਹੀ ਸੀ। ਜਦੋਂ ਉਹ ਪਿੰਡ ਦੀ ਮੁੱਖ ਸੜਕ ਤੋਂ ਘਰ ਨੂੰ ਜਾਂਦੀ ਗਲੀ ਵੱਲ ਮੁੜੀ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਆ ਗਏ। ਲੁਟੇਰੇ ਥੋੜ੍ਹਾ ਇੰਤਜ਼ਾਰ ਕਰਦੇ ਹਨ, ਜਦੋਂ ਗਲੀ ’ਚ ਕੋਈ ਹੋਰ ਵਿਅਕਤੀ ਨਹੀਂ ਦਿਖਿਆ ਤਾਂ ਉਹ ਪ੍ਰਕਾਸ਼ ਕੌਰ ਕੋਲ ਮੋਟਰਸਾਈਕਲ ਰੋਕ ਲੈਂਦੇ ਹਨ। ਇਸ ਤੋਂ ਬਾਅਦ ਸਭ ਤੋਂ ਪਿੱਛੇ ਬੈਠਾ ਲੁਟੇਰਾ ਮੋਟਰਸਾਈਕਲ ਤੋਂ ਉਤਰਦਾ ਹੈ ਤੇ ਬਜ਼ੁਰਗ ਦੀਆਂ ਕੰਨਾਂ ’ਚ ਪਈਆਂ ਵਾਲੀਆਂ ਤੇ ਮੋਬਾਈਲ ਖੋਹਣ ਲੱਗਦਾ ਹੈ। ਪ੍ਰਕਾਸ਼ ਕੌਰ ਨੇ ਡਰਨ ਦੀ ਬਜਾਏ ਹੌਸਲਾ ਦਿਖਾਇਆ ਤੇ ਡੱਟ ਕੇ ਮੁਕਾਬਲਾ ਕੀਤਾ। ਉਹ ਜਿਸ ਡੰਡੇ ਦੇ ਸਹਾਰੇ ਚੱਲ ਰਹੀ ਸੀ, ਉਸੇ ਨਾਲ ਲੁਟੇਰੇ ਦੀਆਂ ਲੱਤਾਂ ’ਤੇ ਵਾਰ ਸ਼ੁਰੂ ਕਰ ਦਿੱਤਾ। ਇਸਦੇ ਬਾਅਦ ਲੁਟੇਰਾ ਬਚ ਕੇ ਮੋਟਰਸਾਈਕਲ ਲੈ ਕੇ ਖੜ੍ਹੇ ਆਪਣੇ ਸਾਥੀਆਂ ਨਾਲ ਭੱਜ ਗਿਆ। ਪੂਰੀ ਘਟਨਾ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਕੁਝ ਸਮੇਂ ਬਾਅਦ ਘਟਨਾ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋਈ ਤਾਂ ਹਰ ਕੋਈ ਪ੍ਰਕਾਸ਼ ਕੌਰ ਦੇ ਹੌਸਲੇ ਦੀ ਤਾਰੀਫ਼ ਕਰਦਾ ਨਜ਼ਰ ਆਇਆ।