ਝੋਨੇ ਦੀ ਪਰਾਲੀ ਕਿਸਾਨਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਬਿਨਾ ਸ਼ੱਕ, ਸਰਕਾਰ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪੂਰਾ ਤਾਣ ਲਗਾਉਂਦੀ ਹੈ ਪਰ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਲਈ ਖੇਤ ਜਲਦੀ ਖਾਲੀ ਕਰਨ ਲਈ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸਦੇ ਹਨ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹੇ ਦੀ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ 'ਚ ਪੈਂਦਾ ਬਹੁ ਚਰਚਿਤ ਪਿੰਡ ਰਣਸੀਂਹ ਕਲਾਂ ਦੇਸ਼ ਦੇ ਲੋਕਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਪਿੰਡ ਦੇ ਦਾਨੀਆਂ ਤੇ ਵਿਦੇਸ਼ਾਂ ਵਿਚ ਵੱਸਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉੱਦਮੀ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਨੇ ਪਿੰਡ ਦੀ ਕਾਇਆਕਲਪ ਕਰ ਕੇ ਮੁਲਕ ਪੱਧਰ ਤੱਕ ਦੇ ਸਨਮਾਨ ਹਾਸਿਲ ਕੀਤੇ ਹਨ। ਪਿੰਡ ਦੇ ਬਹੁਪੱਖੀ ਵਿਲੱਖਣ ਵਿਕਾਸ ਸਦਕਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪਿੰਡ ਦਾ ਉਚੇਚਾ ਦੌਰਾ ਕਰ ਕੇ ਪਿੰਡ ਦੇ ਉੱਦਮੀ ਸਰਪੰਚ ਤੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਨੀ ਪਈ।
ਪਿੰਡ ਦੇ ਕਿਸਾਨ ਪਰਾਲੀ ਨਹੀਂ ਸਾੜਦੇ : ਝੋਨੇ ਦੀ ਪਰਾਲੀ ਕਿਸਾਨਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਬਿਨਾ ਸ਼ੱਕ, ਸਰਕਾਰ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪੂਰਾ ਤਾਣ ਲਗਾਉਂਦੀ ਹੈ ਪਰ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਲਈ ਖੇਤ ਜਲਦੀ ਖਾਲੀ ਕਰਨ ਲਈ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸਦੇ ਹਨ। ਇਸ ਪਿੰਡ ਦੀ ਸੂਝਵਾਨ ਪੰਚਾਇਤ ਨੇ ਕਿਸਾਨਾਂ ਦੀ ਅਗਵਾਈ ਕਰ ਕੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਅਜਿਹੇ ਢੰਗ ਨਾਲ ਮਨਾਇਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਹੀਂ ਸਾੜ ਰਹੇ। ਪੰਜਾਬ ਦੇ ਹੋਰਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਇਸ ਪਿੰਡ ਤੋਂ ਸੇਧ ਲੈ ਕੇ ਗੰਭੀਰ ਸਮੱਸਿਆ ਨਾਲ ਨਜਿੱਠਣਾ ਚਾਹੀਦਾ ਹੈ।
ਪਲਾਸਟਿਕ ਦੇ ਕਚਰੇ ਬਦਲੇ ਮਿਲਦਾ ਹੈ ਗੁੜ ਸ਼ੱਕਰ : ਕੇਂਦਰ ਤੇ ਸੂਬਾ ਸਰਕਾਰਾਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਲੰਬੇ ਸਮੇਂ ਤੋਂ ਸਵੱਛ ਭਾਰਤ ਵਰਗੇ ਅਭਿਆਨ ਚਲਾ ਰਹੀਆਂ ਹਨ ਪਰ ਪਰਨਾਲਾ ਉਥੇ ਦਾ ਉਥੇ ਸੀ। ਰਣਸੀਂਹ ਕਲਾਂ ਦੀ ਦੂਰਅੰਦੇਸ਼ ਪੰਚਾਇਤ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਲੱਖਣ ਸਕੀਮ ਸ਼ੁਰੂ ਕੀਤੀ ਹੋਈ ਹੈ। ਪਿੰਡ ਵਾਸੀਆਂ ਨੂੰ ਪਲਾਸਟਿਕ ਦੇ ਕਚਰੇ ਬਦਲੇ ਗੁੜ ਤੇ ਸ਼ੱਕਰ ਦਿੱਤੀ ਜਾ ਰਹੀ ਹੈ। ਨਾਲੇ ਪੁੰਨ ਨਾਲੇ ਫਲੀਆਂ ਵਾਲੀ ਇਸ ਮੁਹਿੰਮ ਸਦਕਾ ਲੋਕਾਂ ਨੇ ਖੁਸ਼ੀ ਖੁਸ਼ੀ ਪਿੰਡ ਨੂੰ ਪਲਾਸਟਿਕ ਤੋਂ ਮੁਕਤ ਕਰ ਦਿੱਤਾ ਹੈ।
ਜਿੱਥੇ ਕਿਤਾਬਾਂ ਪੜ੍ਹਣ ਦੇ ਮਿਲਦੇ ਹਨ ਪੈਸੇ : ਪਿੰਡ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉਪਰ ਖੂਬਸੂਰਤ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ। ਅਕਸਰ ਲਾਇਬ੍ਰੇਰੀਆਂ ਵਿੱਚੋਂ ਕਿਤਾਬਾਂ ਲੈ ਕੇ ਪੜ੍ਹਣ ਦੇ ਪੈਸੇ ਲੱਗਦੇ ਹਨ ਪਰ ਇਹ ਦੇਸ਼ ਦੀ ਇਹ ਪਹਿਲੀ ਅਜਿਹੀ ਨਿਵੇਕਲੀ ਲਾਇਬ੍ਰੇਰੀ ਹੈ ਜਿੱਥੋਂ ਕਿਤਾਬਾਂ ਲੈ ਕੇ ਪੜ੍ਹਣ ਦੇ ਪਾਠਕਾਂ ਨੂੰ ਪੈਸੇ ਮਿਲਦੇ ਹਨ। ਇਸ ਮੁਹਿੰਮ ਤਹਿਤ ਪਾਠਕ ਚਾਈਂ-ਚਾਈਂ ਕਿਤਾਬਾਂ ਲੈ ਕੇ ਪੜ੍ਹਦੇ ਹਨ। ਪੰਚਾਇਤ ਆਪਣੇ ਢੰਗ ਨਾਲ ਪੜ੍ਹੀਆਂ ਹੋਈਆਂ ਪੁਸਤਕਾਂ ਨੂੰ ਜਾਂਚ ਕੇ ਪਾਠਕਾਂ ਨੂੰ ਨਗਦੀ ਦੇ ਕੇ ਉਨ੍ਹਾਂ ਦਾ ਹੌਂਸਲਾ ਅਫ਼ਜਾਈ ਕਰਦੀ ਹੈ। ਅਜਿਹੇ ਤਰੀਕੇ ਨਾਲ ਵੱਧ ਤੋਂ ਵੱਧ ਨੌਜਵਾਨ, ਉਸਾਰੂ ਸਾਹਿਤ ਨਾਲ ਜੁੜ ਰਹੇ ਹਨ ਤੇ ਨਵੇਂ ਪਾਠਕਾਂ ਲਈ ਇਹ ਯੋਜਨਾ ਖਿੱਚ ਪੈਦਾ ਕਰਨ ਦਾ ਸਬੱਬ ਬਣ ਰਹੀ ਹੈ।
ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਦਿੱਤੇ ਜਾ ਰਹੇ ਨੇ ਨਕਦ ਇਨਾਮ : ਪੰਜਾਬੀਆਂ ਲਈ ਨਸ਼ਾ ਵੱਡੀ ਮੁਸੀਬਤ ਬਣ ਚੁੱਕਿਆ ਹੈ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਸਾਰਥਕ ਨਤੀਜੇ ਨਹੀਂ ਨਿਕਲ ਸਕੇ ਪਰ ਰਣਸੀਂਹ ਕਲਾਂ ਦੀ ਗ੍ਰਾਮ ਪੰਚਾਇਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂਂ ਹੌਂਸਲਾ ਅਫ਼ਜਾਈ ਲਈ ਗਿਆਰਾਂ ਹਜ਼ਾਰ ਦੀ ਮਾਲੀ ਮੱਦਦ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਵਿਟਾਮਿਨ ਕਿੱਟਾਂ ਦੇ ਰਹੀ ਹੈ। ਪੰਚਾਇਤ ਦੀ ਇਸ ਪਹਿਲਕਦਮੀ ਸਦਕਾ ਪਿੰਡ ਨਸ਼ਾ ਮੁਕਤ ਹੋ ਗਿਆ ਹੈ। ਪੰਚਾਇਤ ਦੇ ਖ਼ਾਸ ਉਪਰਾਲੇ ਸਦਕਾ ਪਿੰਡ ਦੇ ਮੈਡੀਕਲ ਸਟੋਰਾਂ ਤੋਂ ਨਸ਼ੇ ਵਾਲੀਆਂ ਦਵਾਈਆਂ ਬੰਦ ਕੀਤੀਆਂ ਜਾ ਚੁੱਕੀਆਂ ਹਨ। ਪਿੰਡ ਦੀਆਂ ਦੁਕਾਨਾਂ ਤੋਂ ਤੰਬਾਕੂ ਜਾਂ ਸਟਿੰਗ ਵਰਗੇ ਨਸ਼ੇ ਵੇਚਣ ਦੀ ਸਖ਼ਤ ਮਨਾਹੀ ਹੈ।
ਗੰਦੇ ਪਾਣੀ ਤੋਂ ਮੁਕਤ ਹੈ ਸਮੁੱਚਾ ਪਿੰਡ : ਗ੍ਰਾਮ ਪੰਚਾਇਤ ਨੇ ਖ਼ਾਸ ਯਤਨਾਂ ਰਾਹੀਂ ਪੂਰੇ ਪਿੰਡ ਵਿਚ ਸੀਵਰੇਜ ਪਾ ਦਿੱਤੀ ਹੈ। 2014 ਤੋਂ ਪਿੰਡ ਗੰਦੇ ਪਾਣੀ ਤੋਂ ਮੁਕਤ ਹੋ ਚੁੱਕਿਆ ਹੈ। ਭਾਵ ਪਿੰਡ ਵਿਚ ਕੋਈ ਖੁੱਲ੍ਹੀ ਨਾਲੀ ਨਹੀਂ ਹੈ। ਅਜਿਹਾ ਕਰਨ ਸਦਕਾ ਪਿੰਡ ਬਦਬੂ ਤੋਂ ਪੂਰੀ ਤਰ੍ਹਾਂ ਨਿਜਾਤ ਹਾਸਿਲ ਕਰ ਚੁੱਕਿਆ ਹੈ, ਗੰਦੇ ਪਾਣੀ ਤੋਂ ਮੁਕਤ ਹੋਣ ਸਦਕਾ ਲੋਕਾਂ ਨੂੰ ਮੱਖੀਆਂ ਮੱਛਰਾਂ ਤੋਂ ਮੁਕਤੀ ਮਿਲ ਸਕੀ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਟ੍ਰੀਟਮੈਂਟ ਪਲਾਂਟ ਨਾਲ ਗੰਦਾ ਪਾਣੀ ਸੋਧ ਕੇ ਕੀਤੀ ਜਾਂਦੀ ਹੈ ਸਿੰਚਾਈ : ਪਿੰਡ ਦਾ ਗੰਦਾ ਪਾਣੀ ਸੋਧਣ ਲਈ ਪਿੰਡ ਵਿੱਚ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ। ਇਸ ਸੋਧੇ ਹੋਏ ਪਾਣੀ ਨਾਲ ਸੌ ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾ ਰਹੀ ਹੈ। ਗੰਦੇ ਛੱਪੜਾਂ ਦੀ ਥਾਂ ਖੂਬਸੂਰਤ ਝੀਲਾਂ ਨੇ ਲਈ ਹੋਈ ਹੈ ਜਿੱਥੇ ਪਿੰਡ ਵਾਸੀ ਟਹਿਲਦੇ ਹੋਏ ਜ਼ਿੰਦਗੀ ਦਾ ਅਨੰਦ ਮਾਣਦੇ ਹਨ। ਤਰਤੀਬ ਨਾਲ ਲਗਾਏ ਬੂਟੇ ਤੇ ਫੁੱਲ ਕੁਦਰਤ ਦੇ ਸੁਹੱਪਣ ਨੂੰ ਰੂਪਮਾਨ ਕਰਦੇ ਹੋਏ ਖੂਬਸੂਰਤੀ ਬਿਖੇਰ ਰਹੇ ਹਨ।
ਸਰਪੰਚ ਪ੍ਰੀਤਇੰਦਰਪਾਲ ਸਿੰਘ ਨੇ ਨੌਜਵਾਨਾਂ ਨਾਲ ਮਿਲ ਕੇ ਹੱਥੀਂ ਪਾਇਆ ਸੀਵਰੇਜ :
ਪੂਰੇ ਪਿੰਡ ਵਿਚ ਸੀਵਰੇਜ ਪਾਇਆ ਹੋਇਆ ਹੈ। ਇਸ ਕਾਰਜ ਨੂੰ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੇ ਖ਼ੁਦ ਆਪਣੇ ਹੱਥੀਂ ਨੇਪਰੇ ਚਾੜ੍ਹਿਆ। ਪਿੰਡ ਦੇ ਨੌਜਵਾਨਾਂ ਨੇ ਉਸ ਦਾ ਭਰਵਾਂ ਸਹਿਯੋਗ ਦਿੱਤਾ। ਅਜਿਹਾ ਕਰਨ ਸਦਕਾ ਦਾਨੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਨਾਲ ਵੱਧ ਤੋਂ ਵੱਧ ਫਾਇਦਾ ਉਠਾਇਆ ਗਿਆ ਅਤੇ ਫਾਲਤੂ ਖਰਚੇ ਨਹੀਂ ਕੀਤੇ ਗਏ।
ਆਰਓ ਵੇਸਟ ਪਾਣੀ ਨਾਲ ਉਗਾਏ ਫੁੱਲਦਾਰ ਬੂਟੇ: ਪਿੰਡ ਵਾਸੀ ਕੁਦਰਤ ਦੀ ਅਣਮੋਲ ਦਾਤ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਆਰਓ ਦੇ ਵੇਸਟ ਪਾਣੀ ਨਾਲ ਫੁੱਲਦਾਰ ਬੂਟਿਆਂ ਦੀ ਸਿੰਚਾਈ ਕਰਦੇ ਹਨ।
ਫ਼ਸਲੀ ਵਿਭਿੰਨਤਾ ਲਈ ਚੁੱਕੇ ਖ਼ਾਸ ਕਦਮ : ਪਿੰਡ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਕੱਢਣ ਲਈ ਗ੍ਰਾਮ ਪੰਚਾਇਤ ਨੇ ਖ਼ਾਸ ਕਦਮ ਚੁੱਕੇ ਹਨ। ਝੋਨੇ ਦੇ ਬਦਲ ਵਜੋਂ ਬਰਸਾਤੀ ਪੱਕਾਵੀਂ ਮੱਕੀ ਤੇ ਨਰਮਾ ਬੀਜਣ ਲਈ ਉਤਸ਼ਾਹਤ ਕੀਤਾ ਗਿਆ ਹੈ। ਇਸ ਉਦੇਸ਼ ਲਈ ਮੱਕੀ ਅਤੇ ਨਰਮੇ ਦੇ ਬੀਜ ਬਿਲਕੁਲ ਮੁਫ਼ਤ ਵੰਡੇ ਜਾ ਰਹੇ ਹਨ। ਇਸ ਤਰ੍ਹਾਂ ਪਿੰਡ ਦੀ ਨੁਹਾਰ ਬਦਲਣ ਲਈ ਅਤੇ ਲੋਕਾਂ ਦੀ ਜੀਵਨਸ਼ੈਲੀ ਦੇ ਸੁਧਾਰ ਲਈ ਗ੍ਰਾਮ ਪੰਚਾਇਤ ਵੱਲੋਂ ਬਹੁ-ਦਿਸ਼ਾਵੀ ਤੇ ਬਹੁਪੱਖੀ ਕਦਮ ਚੁੱਕੇ ਜਾ ਰਹੇ ਹਨ। ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਲੋੜ ਹੈ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਇਸ ਪਿੰਡ ਤੋਂ ਸੇਧ ਲੈਂਦਿਆਂ ਆਪਣੇ ਹੱਥੀਂ ਵਿਕਾਸ ਦੀਆਂ ਵੱਡੀਆਂ ਪੁਲਾਂਘਾਂ ਪੁੱਟਣ ਦੀ।