ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਪੰਚਾਇਤਾਂ, ਸਰਕਾਰਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਇਸ ਮਸਲੇ ਬਾਰੇ ਆਗ਼ਾਹ ਕਰਵਾਇਆ ਹੈ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਨੇ ਸਿੱਧਾ ਸਵਾਲ ਚੁੱਕਿਆ ਕਿ ਜੇ ਸਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਸਾਡੇ ਕਬਰਸਤਾਨਾਂ ਨੂੰ ਹਾਲੇ ਤੱਕ ਰਸਤਾ ਕਿਉਂ ਨਹੀਂ ਦਿੱਤਾ ਗਿਆ?

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪਿੰਡ ਮਹਿਣਾ ਵਿਚ ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੱਕ ਮੁਸਲਿਮ ਭਾਈਚਾਰੇ ਲਈ ਛੱਡੇ ਗਏ ਕਬਰਸਤਾਨਾਂ ਤੱਕ ਕੋਈ ਪੱਕਾ ਜਾਂ ਕਾਨੂੰਨੀ ਰਸਤਾ ਮੁਹੱਈਆ ਨਹੀਂ ਹੈ। ਰਸਤਾ ਨਾ ਹੋਣ ਕਾਰਨ ਹਰ ਵਾਰ ਮੁਸਲਿਮ ਭਾਈਚਾਰੇ ਨੂੰ ਕਿਸਾਨਾਂ ਦੇ ਕਣਕ ਦੇ ਖੇਤਾਂ ਵਿੱਚੋਂ ਜਨਾਜ਼ਾ ਲੈ ਕੇ ਅੰਤਮ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ। ਮੁਸਲਿਮ ਭਾਈਚਾਰੇ ਦਾ ਦੋਸ਼ ਹੈ ਕਿ ‘ਪਿੰਡ ਦੇ ਕੁਝ ਕਿਸਾਨਾਂ ਨੇ ਨਾ-ਸਿਰਫ਼ ਕਬਰਸਤਾਨ ਦੀ ਜਗ੍ਹਾ ’ਤੇ ਅੜਚਣਾਂ ਪਾਈਆਂ ਗਈਆਂ, ਸਗੋਂ ਸਰਕਾਰੀ ਨਕਸ਼ੇ ਵਿਚ ਦਰਜ ਰਸਤੇ ਨੂੰ ਵੀ ਜਬਰਨ ਰੋਕਿਆ ਹੈ ਪਰ ਪ੍ਰਸ਼ਾਸਨ ਇਸ ਰਸਤੇ ਨੂੰ ਛਡਵਾਉਣ ਵਿਚ ਅਸਫ਼ਲ ਸਾਬਤ ਹੋਇਆ ਹੈ’।
ਕਣਕ ਦੇ ਖੇਤਾਂ ’ਚੋਂ ਲੰਘਿਆ ਮਾਤਾ ਰਾਜੋ ਦਾ ਜਨਾਜ਼ਾ
ਅੱਜ ਮ੍ਰਿਤਕ ਮਾਤਾ ਰਾਜੋ ਦੇ ਜਨਾਜ਼ੇ ਨੂੰ ਪਰਿਵਾਰਕ ਮੈਂਬਰਾਂ ਨੇ ਕਣਕ ਦੇ ਖੇਤਾਂ ’ਚੋਂ ਲੰਘਾ ਕੇ ਕਬਰਸਤਾਨ ਤੱਕ ਪਹੁੰਚਾਇਆ। ਇਹ ਦ੍ਰਿਸ਼ ਮਨੁੱਖੀ ਅਧਿਕਾਰਾਂ, ਬਰਾਬਰੀ ਤੇ ਸੰਵਿਧਾਨਕ ਹੱਕਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਜੇ ਵਿਤਕਰਾ ਨਹੀਂ, ਤਾਂ ਰਸਤਾ ਕਿਉਂ ਨਹੀਂ?
ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਪੰਚਾਇਤਾਂ, ਸਰਕਾਰਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਇਸ ਮਸਲੇ ਬਾਰੇ ਆਗ਼ਾਹ ਕਰਵਾਇਆ ਹੈ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਨੇ ਸਿੱਧਾ ਸਵਾਲ ਚੁੱਕਿਆ ਕਿ ਜੇ ਸਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਸਾਡੇ ਕਬਰਸਤਾਨਾਂ ਨੂੰ ਹਾਲੇ ਤੱਕ ਰਸਤਾ ਕਿਉਂ ਨਹੀਂ ਦਿੱਤਾ ਗਿਆ?
ਅਕਾਲੀ ਦਲ ਵੱਲੋਂ ਸੰਘਰਸ਼ ਦੀ ਚਿਤਾਵਨੀ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਅਫ਼ਸੋਸਜਨਕ ਹੈ ਕਿ ਦਹਾਕਿਆਂ ਤੋਂ ਪਿੰਡ ਮਹਿਣਾ ਦੇ ਮੁਸਲਿਮ ਭਾਈਚਾਰੇ ਦੇ ਕਬਰਸਤਾਨਾਂ ਨੂੰ ਰਸਤਾ ਦੇਣਾ ਕਿਸੇ ਵੀ ਸਰਕਾਰ ਜਾਂ ਪੰਚਾਇਤ ਨੇ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਅਕਾਲੀ ਦਲ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਇਸ ਮਸਲੇ ’ਤੇ ਸੰਘਰਸ਼ ਕਰੇਗਾ ਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਇਆ ਜਾਵੇਗਾ। ਨਿਹਾਲ ਸਿੰਘ ਭੁੱਲਰ ਨੇ ਕਿਹਾ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪਿੰਡ ਮਹਿਣਾ ਦੇ ਕਬਰਸਤਾਨਾਂ ਨੂੰ ਪਹਿਲ ਦੇ ਅਧਾਰ ’ਤੇ ਪੱਕਾ ਰਾਸਤਾ ਤੇ ਚਾਰਦੀਵਾਰੀ ਬਣਵਾ ਕੇ ਦਿੱਤੀ ਜਾਵੇਗੀ।
ਪੀੜਤ ਪਰਿਵਾਰ ਦੀ ਦਰਦ ਭਰੀ ਆਪਬੀਤੀ
ਮ੍ਰਿਤਕ ਦੇ ਰਿਸ਼ਤੇਦਾਰ ਰਾਮਧੀਨ ਨੇ ਕਿਹਾ ਕਿ ਕਬਰਸਤਾਨ ਤੱਕ ਪਹੁੰਚਣ ਲਈ ਪਹਿਲਾਂ ਕਿਸਾਨਾਂ ਦੇ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਤੇ ਫ਼ਿਰ ਜਨਾਜ਼ਾ ਖੇਤਾਂ ਵਿੱਚੋਂ ਲੰਘਾ ਕੇ ਲਿਜਾਣਾ ਪੈਂਦਾ ਹੈ, ਜੋ ਬਹੁਤ ਅਪਮਾਨਜਨਕ ਹੈ। ਇਸ ਮੌਕੇ ਮੌਲਵੀ ਸਾਹਿਬ ਨੇ ਦੱਸਿਆ ਕਿ ਪੰਚਾਇਤਾਂ, ਤਹਿਸੀਲਦਾਰ, ਡੀਸੀ ਅਤੇ ਹਲਕਾ ਵਿਧਾਇਕ ਨੂੰ ਕਈ ਵਾਰ ਇਸ ਮਸਲੇ ਬਾਰੇ ਜਾਣੂੰ ਕਰਵਾਇਆ ਹੈ ਪਰ ਹਾਲੇ ਤੱਕ ਕਦੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਰਸਤੇ ਦਾ ਨਹੀਂ, ਇਨਸਾਫ਼ ਦਾ ਮਸਲਾ : ਇਹ ਮਾਮਲਾ ਹੁਣ ਸਿਰਫ਼ ਕਬਰਸਤਾਨ ਤੱਕ ਰਸਤਾ ਬਣਾਉਣ ਦਾ ਨਹੀਂ, ਸਗੋਂ ਇਨਸਾਫ਼, ਧਾਰਮਿਕ ਬਰਾਬਰੀ ਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਗੰਭੀਰ ਮਸਲਾ ਬਣ ਚੁੱਕਾ ਹੈ।