ਮੋਗਾ ਦੇ ਗੁਰਦੁਆਰਾ ਸਾਹਿਬ 'ਚ ਘੇਰੇ ਕਿਸਾਨ ਆਗੂ; ਪੁਲਿਸ ਦੀ ਘੇਰਾਬੰਦੀ ਕਾਰਨ ਵਧਿਆ ਤਣਾਅ
ਕਿਸਾਨ ਮਜ਼ਦੂਰ ਮੋਰਚਾ ਨਾਲ ਜੁੜੇ ਆਗੂ ਪਿੰਡ ਲੋਹਗੜ੍ਹ ਦੇ ਇਕ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਸਨ ਅਤੇ ਉੱਥੋਂ ਰੈਲੀ ਵਾਲੀ ਥਾਂ ਵੱਲ ਕੂਚ ਕਰਨ ਵਾਲੇ ਸਨ। ਇਸੇ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਅੱਗੇ ਵਧਣ ਦੀ ਕੋਸ਼ਿਸ਼ ਨੂੰ ਰੋਕਦਿਆਂ ਉਨ੍ਹਾਂ ਨੂੰ ਉੱਥੇ ਹੀ ਘੇਰ ਲਿਆ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਮੌਕੇ 'ਤੇ ਤਣਾਅ ਦਾ ਮਾਹੌਲ ਬਣ ਗਿਆ ਅਤੇ ਸਥਿਤੀ ਨੂੰ ਸੰਭਾਲਣ ਲਈ ਵਾਧੂ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ।
Publish Date: Sat, 21 Mar 2026 02:40 PM (IST)
Updated Date: Sat, 21 Mar 2026 03:56 PM (IST)
ਵਕੀਲ ਮਹਿਰੋਂ, ਮੋਗਾ : ਪੰਜਾਬ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਲਿਖਤੀ ਪੱਤਰਾਂ ਰਾਹੀਂ ਮੀਟਿੰਗਾਂ ਦੇ ਸਮੇਂ ਦੇ ਕੇ ਵਾਰ-ਵਾਰ ਮੁੱਕਰਨ ਦੇ ਮਾਮਲੇ ‘ਤੇ ਅੱਜ ਧਰਮਕੋਟ ਵਿੱਚ ਤਣਾਅ ਭਰੀ ਸਥਿਤੀ ਵੇਖਣ ਨੂੰ ਮਿਲੀ। ਇਸ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਜੱਥੇ ਅੱਜ ਦਾਣਾ ਮੰਡੀ ਧਰਮਕੋਟ ਵਿੱਚ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਸਵਾਲ ਪੁੱਛਣ ਲਈ ਰਵਾਨਾ ਹੋਏ ਸਨ।
ਪਰੰਤੂ, ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਅੱਗੇ ਵਧਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਪੁਲਿਸ ਨੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਹੀ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਨੇ ਇਲਾਕੇ ਵਿੱਚ ਘੇਰਾਬੰਦੀ ਕਰਕੇ ਜੱਥਿਆਂ ਨੂੰ ਅੱਗੇ ਜਾਣ ਤੋਂ ਰੋਕਿਆ, ਜਿਸ ਕਾਰਨ ਮੌਕੇ ‘ਤੇ ਤਣਾਅ ਦਾ ਮਾਹੌਲ ਬਣ ਗਿਆ।
ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਮੀਟਿੰਗਾਂ ਲਈ ਸਮਾਂ ਦੇ ਕੇ ਵਾਰ-ਵਾਰ ਮੁੱਕਰਨਾ ਕਿਸਾਨਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ, ਪਰ ਪੁਲਿਸ ਵੱਲੋਂ ਰਾਹ ਵਿੱਚ ਹੀ ਰੋਕਣਾ ਲੋਕਤੰਤਰਕ ਹੱਕਾਂ ਦੀ ਉਲੰਘਣਾ ਹੈ।
ਦੂਜੇ ਪਾਸੇ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ, ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਘਟਨਾ ਨਾਲ ਇਲਾਕੇ ਵਿੱਚ ਸਿਆਸੀ ਗਤੀਵਿਧੀਆਂ ਹੋਰ ਵੀ ਤੀਵਰ ਹੋ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ‘ਤੇ ਹੋਰ ਟਕਰਾਅ ਦੇ ਸੰਕੇਤ ਮਿਲ ਰਹੇ ਹਨ।