ਮੋਟਰ ਕਨੈਕਸ਼ਨ ਤਬਦੀਲ ਕਰਨ ’ਚ ਦੇਰੀ ਕਾਰਨ ਦਿੱਤੀ ਜਾਨ, ਢਾਈ ਏਕੜ ਜ਼ਮੀਨ ਦਾ ਸੀ ਮਾਲਕ
ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੇ ਕਿਸਾਨ ਜਗਰਾਜ ਸਿੰਘ ਵੱਲੋਂ ਕਈ ਸਾਲ ਪਹਿਲਾਂ ਮੋਟਰ ਕਨੈਕਸ਼ਨ ਖ਼ਰੀਦਿਆ ਗਿਆ ਸੀ ਅਤੇ ਕਨੈਕਸ਼ਨ ਵੇਚਣ ਵਾਲੇ ਕਿਸਾਨ ਨੇ ਵਿਭਾਗੀ ਪ੍ਰਕਿਰਿਆ ਮੁਕੰਮਲ ਕਰ ਕੇ ਜਗਰਾਜ ਸਿੰਘ ਦੇ ਨਾਂ ਕਨੈਕਸ਼ਨ ਤਬਦੀਲ ਦੀ ਅਪੀਲ ਵੀ ਕੀਤੀ ਸੀ।
Publish Date: Tue, 18 Nov 2025 11:27 AM (IST)
Updated Date: Tue, 18 Nov 2025 11:55 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮਾਂ ਤੋਂ ਪਰੇਸ਼ਾਨ ਹੋ ਕੇ ਇਸ ਜ਼ਿਲ੍ਹੇ ਦੇ ਇਕ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਖ਼ਤਮ ਕਰਨ ਬਾਰੇ ਖ਼ਬਰ ਮਿਲੀ ਹੈ। ਮ੍ਰਿਤਕ ਕਿਸਾਨ ਢਾਈ ਏਕੜ ਜ਼ਮੀਨ ਦਾ ਮਾਲਕ ਸੀ। ਦੱਸਿਆ ਗਿਆ ਹੈ ਕਿ ਉਸ ਨੇ ਬਿਜਲੀ ਵਿਭਾਗ ਵੱਲੋਂ ਮੋਟਰ ਕਨੈਕਸ਼ਨ ਤਬਦੀਲ ਨਾ ਕੀਤੇ ਜਾਣ ਕਾਰਨ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੇ ਕਿਸਾਨ ਜਗਰਾਜ ਸਿੰਘ ਵੱਲੋਂ ਕਈ ਸਾਲ ਪਹਿਲਾਂ ਮੋਟਰ ਕਨੈਕਸ਼ਨ ਖ਼ਰੀਦਿਆ ਗਿਆ ਸੀ ਅਤੇ ਕਨੈਕਸ਼ਨ ਵੇਚਣ ਵਾਲੇ ਕਿਸਾਨ ਨੇ ਵਿਭਾਗੀ ਪ੍ਰਕਿਰਿਆ ਮੁਕੰਮਲ ਕਰ ਕੇ ਜਗਰਾਜ ਸਿੰਘ ਦੇ ਨਾਂ ਕਨੈਕਸ਼ਨ ਤਬਦੀਲ ਦੀ ਅਪੀਲ ਵੀ ਕੀਤੀ ਸੀ। ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਨੇ ਇਕ ਕਿਸਾਨ ਤੋਂ ਕਨੈਕਸ਼ਨ ਲਿਆ ਸੀ ਤੇ ਉਨ੍ਹਾਂ ਨੇ ਵਿਭਾਗੀ ਪ੍ਰਕਿਰਿਆ ਤਹਿਤ ਕਨੈਕਸ਼ਨ ਤਬਦੀਲੀ ਲਈ ਵਿਭਾਗ ਨੂੰ ਲਿਖਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਗਰਾਜ ਸਿੰਘ ਕਈ ਵਾਰ ਬਿਜਲੀ ਕਾਮਿਆਂ ਨੂੰ ਰਿਸ਼ਵਤ ਦੇ ਚੁੱਕਿਆ ਸੀ ਪਰ ਕਨੈਕਸ਼ਨ ਉਸ ਦੇ ਨਾਂ ਨਹੀਂ ਕੀਤਾ ਗਿਆ। ਦੂਜੇ ਪਾਸੇ, ਕਿਸਾਨ ਆਗੂ ਮਹਿੰਦਰ ਸਿੰਘ ਅਤੇ ਜਗਜੀਤ ਸਿੰਘ ਨੇ ਦੋਸ਼ ਲਾਏ ਹਨ ਕਿ ਜਗਰਾਜ ਸਿੰਘ ਨੂੰ ਬਿਜਲੀ ਵਿਭਾਗ ਦੇ ਮੁਲਾਜ਼ਮ ਤੰਗ ਕਰ ਰਹੇ ਸਨ, ਇਸ ਲਈ ਹੁਣ ਜਦੋਂ ਤੱਕ ਬਿਜਲੀ ਵਿਭਾਗ ਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਇਸ ਸਬੰਧ ਵਿਚ ਭੀਖੀ ਦੇ ਐੱਸਐੱਚਓ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ ’ਚ ਜਾਣਕਾਰੀ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।