ਨੌਜਵਾਨਾਂ ਨੇ ਪੱਥਰ ਤੇ ਹਥਿਆਰਾਂ ਨਾਲ ਕੀਤਾ ਦੁਕਾਨ ਤੇ ਹਮਲਾ
ਨੌਜਵਾਨਾਂ ਨੇ ਪੱਥਰ ਤੇ ਹਥਿਆਰਾਂ ਨਾਲ ਕੀਤਾ ਕਰਿਆਨੇ ਦੀ ਦੁਕਾਨ ਤੇ ਹਮਲਾ
Publish Date: Mon, 19 Jan 2026 08:04 PM (IST)
Updated Date: Mon, 19 Jan 2026 08:06 PM (IST)

ਹਮਲੇ ’ਚ ਦੁਕਾਨਦਾਰ ਹੋਇਆ ਫੱਟੜ, ਦੁਕਾਨ ਦੀ ਵੀ ਕੀਤੀ ਤੋੜਭੰਨ ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੀ ਐਲਡੀਕੋ ਚੌਂਕੀ ਦੇ ਨਾਲ ਲੱਗਦੇ ਇਲਾਕੇ ਹਜੂਰੀ ਬਾਗ ਕਲੋਨੀ ਵਿੱਚ ਐਤਵਾਰ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਕਰਿਆਨੇ ਦੀ ਦੁਕਾਨ ’ਤੇ ਹਥਿਆਰਾਂ ਨਾਲ ਹਮਲਾ ਅਤੇ ਪੱਥਰਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਚਾਰ ਨੌਜਵਾਨ ਦੁਕਾਨ ’ਤੇ ਪੱਥਰ ਮਾਰਦੇ ਅਤੇ ਤੋੜ-ਫੋੜ ਕਰਦੇ ਦਿਖਾਈ ਦੇ ਰਹੇ ਹਨ। ਪੀੜਤ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਲਲਿਤ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇੱਕ ਨੌਜਵਾਨ ਉਸ ਦੀ ਦੁਕਾਨ ’ਤੇ ਸਮਾਨ ਲੈਣ ਆਇਆ ਸੀ, ਇਸ ਦੌਰਾਨ ਕਿਸੇ ਗੱਲ ਨੂੰ ਲੈਕੇ ਉਹ ਲਲਿਤ ਨਾਲ ਬਹਿਸ ਕਰਨ ਲੱਗ ਦੇਖਦੇ ਹੀ ਦੇਖਦੇ ਉਕਤ ਨੌਜਵਾਨ ਨੇ ਦੁਕਾਨਦਾਰ ਨਾਲ ਗਾਲੀ-ਗਲੋਚ ਕਰਦੇ ਹੋਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਮੁਤਾਬਕ ਬੀਤੀ ਰਾਤ ਉਹੀ ਨੌਜਵਾਨ ਆਪਣੇ ਤਿੰਨ ਸਾਥੀਆਂ ਨਾਲ ਮੁੰਹ ਢੱਕ ਕੇ ਉਸ ਦੀ ਦੁਕਾਨ ’ਤੇ ਪਹੁੰਚਿਆ ਅਤੇ ਹਥਿਆਰਾਂ ਨਾਲ ਦੁਕਾਨ ਅਤੇ ਬਾਹਰ ਖੜ੍ਹੀ ਕਾਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੁਕਾਨ ਦੇ ਸ਼ੀਸ਼ੇ ਤੋੜੇ ਗਏ, ਫਰਿੱਜ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਾਇਆ, ਜਦਕਿ ਪੀੜਤ ਨੂੰ ਵੀ ਸੱਟਾਂ ਮਾਰੀਆਂ। ਪੀੜਤ ਵੱਲੋਂ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਐਲਡੀਕੋ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਜਿੰਦਰ ਲਾਲ ਸਿੱਧੂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਦੋਵੇਂ ਪੱਖਾਂ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਮੁਤਾਬਕ ਗਲੀ ਵਿੱਚ ਆਂਢੀ-ਗੁਆਂਢੀਆਂ ਵਿਚਕਾਰ ਹੋਈ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਇਹ ਝਗੜਾ ਵੱਧ ਗਿਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਜੋ ਵੀ ਦੌਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।