ਵੋਟਰ ਸੂਚੀਆਂ ’ਚ ਕੀਤੀ ਹੇਰਾਫੇਰੀ ਖ਼ਿਲਾਫ਼ ਹਾਈਕੋਰਟ ਜਾਵਾਂਗੇ : ਦਿਓਲ
ਵੋਟਰ ਸੂਚੀਆਂ ’ਚ ਸਾਜਿਸ਼ ਤਹਿਤ ਕੀਤੀ ਗਈ ਹੇਰਾਫੇਰੀ ਖ਼ਿਲਾਫ਼ ਹਾਈਕੋਰਟ ਜਾਵਾਂਗੇ- ਦਿਓਲ
Publish Date: Mon, 15 Dec 2025 07:16 PM (IST)
Updated Date: Mon, 15 Dec 2025 07:18 PM (IST)

-ਪੰਜਾਬ ਸਰਕਾਰ ਨੇ ਲੋਕਤੰਤਰ ਦਾ ਰੱਜ ਕੇ ਘਾਣ ਕੀਤਾ- ਚੰਦ ਡੱਲਾ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਦਾਖਾ ਦੇ ਆਗੂ ਜਸਕਰਨ ਸਿੰਘ ਦਿਓਲ ਨੇ ਸਥਾਨਕ ਸ਼ਹਿਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਬੀਤੇ ਕੱਲ੍ਹ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੋਟਰ ਸੂਚੀਆਂ ’ਚ ਸਾਜ਼ਿਸ਼ ਤਹਿਤ ਕੀਤੀ ਹੇਰਾਫੇਰੀ ਦੇ ਮਾਮਲੇ ਨੂੰ ਲੈ ਕੇ ਪਾਰਟੀ ਹਾਈਕੋਰਟ ਜਾਵੇਗੀ। ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਬੜੀ ਪਲੈਨਿੰਗ ਤਹਿਤ ਟੈਕਨੀਕਲ ਬੂਥ ਕੈਪਚਰਿੰਗ ਕਰਨ ਦਾ ਮਾਮਲਾ ਹੈ, ਜਿਸ ਕਾਰਨ ਪਾਰਟੀ ਹਮਾਇਤੀ ਸੈਂਕੜੇ ਵੋਟਰ ਆਪਣੀ ਵੋਟ ਦਾ ਭੁਗਤਾਨ ਕਰਨ ਤੋਂ ਵਾਂਝੇ ਰਹਿ ਗਏ। ਦਿਓਲ ਨੇ ਕਿਹਾ ਕਿ ਵੋਟਿੰਗ ਦਾ ਸਮਾਂ ਜਾਣ ਬੁਝ ਕੇ ਇਨ੍ਹਾਂ ਦਰੁਸਤੀਆਂ ਕਾਰਨ ਹੀ 2 ਘੰਟੇ ਬਰਬਾਦ ਹੋ ਗਿਆ, ਜਿਹੜਾ ਕਿ ਇੱਕ ਗੁੱਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਹੱਦਾਂ ਬੰਨ੍ਵੇ ਪਾਰ ਕਰ ਦਿੱਤੇ ਕਿ ਵੋਟਰ ਸੂਚੀ ’ਚੋਂ ਉਮੀਦਵਾਰਾਂ ਦੇ ਨਾਮ ਹੀ ਕੱਟ ਦਿੱਤੇ ਗਏ, ਜਦਕਿ ਨਾਮਜ਼ਦਗੀ ਵੇਲੇ ਇਹ ਸਾਰਾ ਮਾਮਲਾ ਬੜੀ ਬਾਰੀਕੀ ਨਾਲ ਘੋਖਿਆ ਜਾਂਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਉਂਦਿਆਂ ਦੱਸਿਆ ਕਿ ਜਦੋਂ ਵੋਟਰ ਦੇ ਹੱਥ ’ਤੇ ਸਿਆਹੀ ਲਾ ਦਿੱਤੀ ਜਾਂਦੀ ਸੀ ਜਦੋਂ ਵੋਟਰ ਅਖੀਰਲੇ ਟੇਬਲ ’ਤੇ ਬੈਲਟ ਪੇਪਰ ਲੈਣ ਲਈ ਪੁੱਜਦਾ ਸੀ ਤਾਂ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਕਿ ਉਸ ਦੀ ਤਾਂ ਇਸ ਵੋਟਰ ਸੂਚੀ ’ਚ ਨਾਂ ਹੀ ਦਰਜ ਨਹੀਂ ਹੈ। ਦਿਓਲ ਨੇ ਦੱਸਿਆ ਕਿ ਵੋਟਰ ਸੂਚੀਆਂ ਜਿਹੜੀਆਂ ਏਡੀਸੀ ਦਫ਼ਤਰ ਵੱਲੋਂ ਜਾਰੀ ਹੋਈਆਂ ਸਨ ਉਨ੍ਹਾਂ ’ਤੇ ਮੋਹਰ ਲੱਗੀਆਂ ਸਨ ਪਰ ਪੋਲਿੰਗ ਸਟੇਸ਼ਨ ’ਤੇ ਲਿਸਟਾਂ ਹੋਰ ਪੁੱਜਦੀਆਂ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਹੀ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਇਹੀ ਹਾਲਾਤ ਸਨ ਤੇ ਪਾਰਟੀ ਇਸ ਮਾਮਲੇ ਨੂੰ ਹੁਣ ਹਾਈਕੋਰਟ ਲੈ ਕੇ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਤੰਤਰ ਦਾ ਰੱਜ ਕੇ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਣੀ-ਮਿਥੀ ਸਾਜ਼ਿਸ਼ ਤਹਿਤ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਵੋਟਰਾਂ ਨੂੰ ਰੋਕਿਆ ਗਿਆ। ਡੱਲਾ ਨੇ ਕਿਹਾ ਕਿ ਹਰੇਕ ਵਾਰਡ ’ਚੋਂ ਪਿੰਡਾਂ ਦੇ ਆਪ ਆਗੂਆਂ ਦੀ ਸ਼ਹਿ ’ਤੇ ਉਨ੍ਹਾਂ ਦੀ ਪਾਰਟੀ ਦੇ 50 ਤੋਂ 100 ਵੋਟਰਾਂ ਦੀਆਂ ਵੋਟਾਂ ਕੱਚ ਦਿੱਤੀਆਂ ਗਈਆਂ। ਵੋਟਰ ਸੂਚੀਆਂ ’ਚ ਕਮੀ ਹੋਣ ਕਾਰਨ ਹੀ ਪੋਲਿੰਗ ਘੱਟ ਹੋਈ ਤੇ ਵਿਰੋਧੀ ਪਾਰਟੀਆਂ ਦਾ ਵੱਡਾ ਨੁਕਸਾਨ ਹੋਇਆ। ਇਨ੍ਹਾਂ ਚੋਣਾਂ ’ਚ ਨਸ਼ੇ ਦੀ ਵੀ ਦੱਬ ਕੇ ਵਰਤੋਂ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਰਜੀਤ ਸਿੰਘ ਕੋਠੇ ਹਾਂਸ, ਗੁਰਦੀਪ ਸਿੰਘ ਕਾਕਾ ਸਵੱਦੀ, ਅਮਨਦੀਪ ਸਿੰਘ ਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।