ਘਰੇਲੂ ਵਿਵਾਦ ’ਚ ਪਤਨੀਤੇ ਸਹੁਰਿਆਂ ’ਤੇ ਕੇਸ
ਘਰੇਲੂ ਵਿਵਾਦ ਮਗਰੋਂ ਪਤਨੀ ਦੇ ਪੇਕਿਆਂ ਨੇ ਕੀਤਾ ਹਮਲਾ
Publish Date: Wed, 03 Dec 2025 11:05 PM (IST)
Updated Date: Wed, 03 Dec 2025 11:08 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪਤੀ ਪਤਨੀ ਵਿਚਕਾਰ ਘਰੇਲੂ ਵਿਵਾਦ ਦੇ ਚਲਦੇ ਮਾਡਲ ਟਾਊਨ ਦੇ ਰਹਿਣ ਵਾਲੇ ਅੰਕੁਰ ਬਹਿਲ ਉਪਰ ਉਸ ਦੀ ਪਤਨੀ ਦੇ ਪੇਕੇ ਪਰਿਵਾਰ ਵਾਲਿਆਂ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਅੰਕੁਰ ਬਹਿਲ ਦੇ ਬਿਆਨ ਉਪਰ ਉਸ ਦੀ ਪਤਨੀ ਸਲੋਨੀ ਬਹਿਲ, ਸਹੁਰੇ ਪ੍ਰਦੀਪ ਕੁਮਾਰ, ਸੱਸ ਸੀਮਾ ਰਾਣੀ ਵਾਸੀ ਰਾਜਗਰੂ ਨਗਰ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅੰਕੁਰ ਬਹਿਲ ਮੁਤਾਬਕ ਵਾਰਦਾਤ ਵਾਲੇ ਦਿਨ ਉਸ ਦੀ ਛੋਟੀ ਬੇਟੀ ਦਾ ਜਨਮਦਿਨ ਸੀ। ਬੇਟੀ ਦੇ ਜਨਮ ਦਿਨ ਮੌਕੇ ਉਨ੍ਹਾਂ ਘਰ ਵਿੱਚ ਛੋਟਾ ਜਿਹਾ ਪ੍ਰੋਗਰਾਮ ਕੀਤਾ। ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਪਤਨੀ ਨੇ ਮੋਬਾਈਲ ਫੋਨ ਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਪਤਨੀ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਪਤਨੀ ਬੂਰੀ ਤਰ੍ਹਾਂ ਨਾਲ ਭੜਕ ਗਈ। ਕੁਝ ਸਮਾਂ ਗਾਲੀ ਗਲੋਚ ਕਰਨ ਮਗਰੋਂ ਉਸਨੇ ਆਪਣੇ ਮਾਤਾ ਪਿਤਾ ਨੂੰ ਫੋਨ ਕਰਕੇ ਮੌਕੇ ਤੇ ਸੱਦ ਲਿਆ ਕੁਝ ਹੀ ਸਮੇਂ ਮਗਰੋਂ ਉਸ ਦੀ ਸੱਸ ਸੀਮਾ ਰਾਣੀ ਸਹੁਰਾ ਪ੍ਰਦੀਪ ਕੁਮਾਰ ਉਸ ਦੇ ਘਰ ਆਏ ਅਤੇ ਗਾਲੀ ਗਲੋਚ ਮਗਰੋਂ ਮੁਦਈ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਝਗੜੇ ਤੋਂ ਬਾਅਦ ਉਸ ਦੀ ਪਤਨੀ ਨਾਰਾਜ਼ ਹੋ ਕੇ ਘਰੋਂ ਜਾਣ ਲੱਗੀ ਤਾਂ ਮੁਦਈ ਨੇ ਪਤਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਪਤਨੀ ਨੇ ਤੇਜ ਰਫਤਾਰ ਨਾਲ ਕਾਰ ਚਲਾਉਂਦੇ ਹੋਏ ਉਸ ਉਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਚਲੀ ਗਈ। ਉਨ੍ਹਾਂ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਮਾਡਲ ਟਾਊਨ ਪੁਲਿਸ ਕੋਲ ਦਰਜ ਕਰਵਾਈ ਤਾਂ ਪੁਲਿਸ ਨੇ ਤਫਤੀਸ਼ ਮਗਰੋਂ ਪੀੜਿਤ ਦੀ ਪਤਨੀ, ਸੱਸ ਅਤੇ ਸਹੁਰੇ ਖਿਲਾਫ ਪਰਚਾ ਦਰਜ ਕਰ ਦਿੱਤਾ।