Weather Update: ਪੰਜਾਬ ’ਚ ਪੰਜ ਦਿਨ ਹੀਟ ਵੇਵ ਦਾ ਯੈਲੋ ਅਲਰਟ, ਬਠਿੰਡਾ 44 ਡਿਗਰੀ ਸੈਲਸੀਅਸ ਨਾਲ ਰਿਹਾ ਸਭ ਤੋਂ ਗਰਮ
ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਤੇਜ਼ ਧੁੱਪ ਨਿਕਲੀ ਤੇ ਲੋਕ ਗਰਮੀ ਨਾਲ ਪਰੇਸ਼ਾਨ ਰਹੇ। ਬਠਿੰਡਾ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟਿਆਂ ’ਚ ਸੂਬੇ ’ਚ ਔਸਤਨ ਤਾਪਮਾਨ ’ਚ ਇਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 3.6 ਡਿਗਰੀ ਵੱਧ ਚੱਲ ਰਿਹਾ ਹੈ।
Publish Date: Fri, 24 Apr 2026 08:25 AM (IST)
Updated Date: Fri, 24 Apr 2026 08:28 AM (IST)
ਜਾਸ, ਲੁਧਿਆਣਾ : ਗਰਮੀ ਨੇ ਅਪ੍ਰੈਲ ’ਚ ਹੀ ਮਈ ਵਾਲਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.6 ਡਿਗਰੀ ਵੱਧ ਚੱਲ ਰਿਹਾ ਹੈ। ਇਸੇ ਵਿਚਾਲੇ ਪੰਜਾਬ ’ਚ ਸ਼ੁੱਕਰਵਾਰ ਤੋਂ ਅਗਲੇ ਪੰਜ ਦਿਨਾਂ ਤੱਕ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ’ਚ ਲੂ ਦੇ ਨਾਲ-ਨਾਲ ਧੂੜ ਭਰੀ ਹਨੇਰੀ ਚੱਲਣ ਦੀ ਵੀ ਸੰਭਾਵਨਾ ਹੈ।
ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਤੇਜ਼ ਧੁੱਪ ਨਿਕਲੀ ਤੇ ਲੋਕ ਗਰਮੀ ਨਾਲ ਪਰੇਸ਼ਾਨ ਰਹੇ। ਬਠਿੰਡਾ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟਿਆਂ ’ਚ ਸੂਬੇ ’ਚ ਔਸਤਨ ਤਾਪਮਾਨ ’ਚ ਇਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 3.6 ਡਿਗਰੀ ਵੱਧ ਚੱਲ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ’ਚ 24 ਤੇ 25 ਅਪ੍ਰੈਲ ਨੂੰ ਜ਼ਬਰਦਸਤ ਲੂ ਚੱਲੇਗੀ ਇਸ ਤੋਂ ਬਾਅਦ 26 ਤੋਂ 28 ਅਪ੍ਰੈਲ ਤੱਕ ਲੂ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਕਿੱਥੇ ਰਿਹਾ ਕਿੰਨਾ ਤਾਪਮਾਨ
(ਡਿਗਰੀ ਸੈਲਸੀਅਸ ’ਚ)
ਬਠਿੰਡਾ 44
ਫ਼ਰੀਦਕੋਟ 42
ਪਟਿਆਲਾ 41.6
ਰੂਪਨਗਰ 41.1
ਲੁਧਿਆਣਾ 40.6
ਗੁਰਦਾਸਪੁਰ 40.5
ਫ਼ਾਜ਼ਿਲਕਾ 40.2
ਅੰਮ੍ਰਿਤਸਰ 40.2
ਫ਼ਿਰੋਜ਼ਪੁਰ 40.2
ਅੰਮ੍ਰਿਤਸਰ 40.1
--
ਹਿਮਾਚਲ ’ਚ ਵੀ ਗਰਮੀ ਦਾ ਕਹਿਰ
ਹਿਮਾਚਲ ਪ੍ਰਦੇਸ਼ ’ਚ ਵੀ ਤਾਪਮਾਨ ਵਧਣ ਲੱਗਾ ਹੈ। ਊਨਾ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ ਹੈ। ਸੀਜ਼ਨ ’ਚ ਅਜੇ ਤੱਕ ਦਾ ਇਹ ਸਭ ਤੋਂ ਵੱਧ ਤਾਪਮਾਨ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 24 ਆਪ੍ਰੈਲ ਨਾਲ ਪੱਛਮੀ ਗੜਬੜੀ ਸਰਗਰਮ ਹੋਣ ਦਾ ਅਨੁਮਾਨ ਹੈ।
ਜੰਮੂ ’ਚ ਗਰਮੀ, ਕਸ਼ਮੀਰ ’ਚ ਬਰਫ਼ਬਾਰੀ ਦੇ ਆਸਾਰ
ਜੰਮੂ ’ਚ ਤਾਪਮਾਨ 38 ਡਿਗਰੀ ’ਤੇ ਪੁੱਜ ਗਿਆ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਰਾਹਤ ਨਹੀਂ ਮਿਲੇਗੀ। ਕਸ਼ਮੀਰ ’ਚ ਪੱਛਮੀ ਗੜੜੀ 24-25 ਅਪ੍ਰੈਲ ਨੂੰ ਉੱਪਰਲੇ ਇਲਾਕਿਆਂ ’ਚ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ।