ਲੁਬਾਣਗੜ੍ਹ ’ਚ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ
ਸਰਪੰਚ ਪਰਮਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਕੱਢੀ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ
Publish Date: Tue, 20 Jan 2026 06:45 PM (IST)
Updated Date: Wed, 21 Jan 2026 04:13 AM (IST)

ਜੇਕਰ ਹਰ ਸਰਪੰਚ ਆਪਣਾ ਫਰਜ਼ ਨਿਭਾਵੇ ਤਾਂ ਪੰਜਾਬ ਹੋ ਸਕਦੈ ਨਸ਼ਾ ਮੁਕਤ : ਸਰਪੰਚ ਪਰਮਜੀਤ ਕੌਰ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਜੇਕਰ ਪੰਜਾਬ ਦੇ ’ਚੋਂ ਨਸ਼ਾ ਖਤਮ ਕਰਨਾ ਹੈ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਹੈ, ਤਾਂ ਪਿੰਡ ਪੱਧਰ ਤੇ ਸਾਨੂੰ ਉਪਰਾਲੇ ਕਰਨੇ ਪੈਣਗੇ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਲੁਬਾਣਗੜ੍ਹ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਦੀ ਅਗਵਾਈ ਕਰਦਿਆ ਸਰਪੰਚ ਪਰਮਜੀਤ ਕੌਰ ਸੈਣੀ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਕੋਈ ਬਹੁਤਾ ਵੱਡਾ ਕੰਮ ਨਹੀਂ ਬਸ ਪੰਜਾਬੀ ਇੱਕਜੁੱਟ ਹੋ ਜਾਣ ਨਸ਼ਿਆਂ ਦਾ ਖਾਤਮਾ ਬਹੁਤ ਜਲਦ ਹੋ ਜਾਵੇਗਾ। ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੋਂ ਦੇ ਲੋਕ ਜਿਸ ਗੱਲ ਨੂੰ ਕਰਨ ਦਾ ਇੱਕ ਵਾਰ ਮਨ ਬਣਾ ਲੈਣ ਤਾਂ ਉਹ ਕੰਮ ਭਾਵੇਂ ਕਿੱਡਾ ਵੀ ਮੁਸ਼ਕਿਲ ਹੋਵੇ ਬਹੁਤ ਜਲਦ ਸਫਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਪਿੰਡਾਂ ਵਿੱਚ ਚੁਣੇ ਗਏ ਸਰਪੰਚ ਆਪਣਾ ਫਰਜ਼ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਆਪਣੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਤਾਂ ਦਿਨਾਂ ਵਿੱਚ ਹੀ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ। ਪੰਜਾਬੀ ਸੂਰਵੀਰ ਯੋਧਿਆਂ ਅਣਖੀਲੇ ਨੌਜਵਾਨਾਂ ਦੀ ਕੌਮ ਹੈ ਪਰ ਅਜੋਕੇ ਸਮੇਂ ਪੱਛਮੀ ਰੰਗ ਵਿੱਚ ਰੰਗੀ ਜਾ ਚੁੱਕੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਨੂੰ ਬਾਹਰ ਕੱਢਣ ਲਈ ਸਾਨੂੰ ਸਭ ਨੂੰ ਰਲ ਕੇ ਉਪਰਾਲੇ ਕਰਨੇ ਪੈਣਗੇ, ਤਾਂ ਜੋ ਫਿਰ ਤੋਂ ਪੰਜਾਬ ਨਸ਼ਾ ਮੁਕਤ ਸੋਨੇ ਦੀ ਚਿੜੀ ਬਣ ਸਕੇ। ਇਸ ਮੌਕੇ ਸੈਕਟਰੀ ਰਕੇਸ਼ ਕੁਮਾਰ, ਸਤਵੰਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਹਰਬੰਸ ਸਿੰਘ, ਜੰਗ ਸਿੰਘ, ਅਰਸ਼ਦੀਪ ਸਿੰਘ, ਬਲਰਾਜ ਸਿੰਘ, ਗੁਰਜੀਤ ਸਿੰਘ, ਵਰਿਆਮ ਸਿੰਘ, ਸਰੂਪ ਸਿੰਘ, ਪਾਖਰ ਸਿੰਘ, ਦਰਸ਼ਨ ਸਿੰਘ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।