ਵਿਜੀਲੈਂਸ ਵੱਲੋਂ ਸਿੱਧਵਾਂ ਬੇਟ ਦੀ ਐੱਸਐੱਮਓ, ਸਹਾਇਕ ਤੇ ਆਡਿਟ ਟੀਮ ਮੈਂਬਰ ਗ੍ਰਿਫ਼ਤਾਰ
ਵਿਜੀਲੈਂਸ ਨੇ ਸਿੱਧਵਾਂ ਬੇਟ ਦੀ ਐੱਸਐੱਮਓ, ਸਹਾਇਕ ਅਤੇ ਆਡਿਟ ਟੀਮ ਮੈਂਬਰ ਗ੍ਰਿਫ਼ਤਾਰ ਕੀਤੇ
Publish Date: Fri, 30 Jan 2026 08:48 PM (IST)
Updated Date: Sat, 31 Jan 2026 04:13 AM (IST)

-09 ਸਿਵਲ ਹਸਪਤਾਲ ਦੇ ਐੱਸਐੱਮਓ ਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਜਾਂਦੀ ਹੋਈ ਵਿਜੀਲੈਂਸ ਟੀਮ। ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਸਿੱਧਵਾਂ ਬੇਟ : ਲੁਧਿਆਣਾ ਤੋਂ ਆਈ ਵਿਜੀਲੈਂਸ ਦੀ ਇਕ ਟੀਮ ਨੇ ਸੀਐੱਚਸੀ ਸਿੱਧਵਾਂ ਬੇਟ ਦੀ ਸੀਨੀਅਰ ਮੈਡੀਕਲ ਅਫਸਰ ਹਰਕੀਰਤ ਗਿੱਲ, ਸੀਨੀਅਰ ਸਹਾਇਕ ਸਤਵਿੰਦਰ ਸਿੰਘ ਤੇ ਇਕ ਆਡਿਟ ਕਰਮਚਾਰੀ ਨੂੰ ਮੁਲਾਜ਼ਮਾਂ ਤੋਂ ਆਡਿਟ ਲਈ ਰਕਮ ਇਕੱਠੀ ਕਰਨ ਦੇ ਦੋਸ਼ ਹੇਠ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ। ਮਾਮਲੇ ਸਬੰਧੀ ਹਸਪਤਾਲ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਡਾ. ਕੇ.ਐੱਨ.ਐੱਸ. ਕੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਘੇ ਦਿਨੀਂ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਤੇ ਸਰਪੰਚ ਸੰਦੀਪ ਕੌਰ ਸਿੱਧੂ ਦੇ ਪਤੀ ਬਲਕਾਰ ਸਿੰਘ ਲਾਡੀ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਹਰਕੀਰਤ ਕੌਰ ਗਿੱਲ ਸੀਐੱਚਸੀ ਅਧੀਨ ਪੈਂਦੇ ਮੁਲਾਜਮਾਂ ਤੋਂ ਇਕ ਆਡਿਟ ਕਰਮਚਾਰੀ ਨੂੰ ਰਿਸ਼ਵਤ ਦੇਣ ਲਈ ਪ੍ਰਤੀ ਮੁਲਾਜ਼ਮ 2500 ਤੋਂ 6 ਹਜ਼ਾਰ ਤੱਕ ਰਿਸ਼ਵਤ ਮੰਗ ਰਹੀ ਹੈ। ਪਹਿਲਾਂ ਤਾਂ ਉਹ ਆਡਿਟ ਕਰਮਚਾਰੀ ਨੂੰ 2 ਲੱਖ ਦੇਣ ਦੀ ਗੱਲ ਕਰ ਰਹੀ ਸੀ ਪਰ ਹੁਣ ਉਹ ਚਾਰ ਲੱਖ ਰੁਪਏ ਦੇਣ ਦੀ ਗੱਲ ਕਰਦੀ ਹੈ। ਉਪਰੰਤ ਬਲਕਾਰ ਸਿੰਘ ਲਾਡੀ ਨੇ ਆਪਣੇ ਇਕ ਹੋਰ ਸਾਥੀ ਸਮੇਤ ਉਸ ਦੇ ਨਾਲ ਸਾਰੀ ਗੱਲ ਸਾਂਝੀ ਕੀਤੀ। ਇਸ ਉਪਰੰਤ ਉਸ ਨੇ ਤੁਰੰਤ ਵਿਜੀਲੈਂਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਜਿਨ੍ਹਾਂ ਆਪਣਾ ਜਾਲ ਵਿਛਾ ਕੇ ਐੱਸਐੱਮਓ ਨੂੰ ਕੁਝ ਮੁਲਾਜ਼ਮਾਂ ਰਾਹੀਂ ਆਪਣੇ ਵੱਲੋਂ ਨੰਬਰਾਂ ਵਾਲੇ ਤੇ ਰੰਗ ਵਾਲੇ ਨੋਟ ਐੱਸਐੱਮਓ ਨੂੰ ਸੌਂਪ ਦਿੱਤੇ ਅਤੇ ਉਨ੍ਹਾਂ ਨੂੰ ਅੱਜ ਭੇਜੇ ਗਏ ਨੋਟਾਂ ਸਮੇਤ ਕਾਬੂ ਕਰ ਲਿਆ। ਕੰਗ ਨੇ ਦੱਸਿਆ ਕਿ ਐੱਸਐੱਮਓ ਨੂੰ ਕਰੀਬ 100 ਮੁਲਾਜ਼ਮਾਂ ਵੱਲੋਂ ਆਪੋ-ਆਪਣੀ ਕੈਟਾਗਿਰੀ ਅਨੁਸਾਰ ਕਰੀਬ 8 ਲੱਖ ਦੀ ਰਕਮ ਦਿੱਤੀ ਜਾਣੀ ਸੀ। ਪਰ ਦੂਜੇ ਪਾਸੇ ਜਦੋਂ ਵਿਜੀਲੈਂਸ ਦੀ ਟੀਮ ਹਸਪਤਾਲ ਪੁੱਜੀ ਤਾਂ ਉਨ੍ਹਾਂ ਵੱਲੋਂ ਆਪਣੇ ਨਾਲ ਲਿਆਂਦੇ ਕੁਝ ਪੱਤਰਕਾਰਾਂ ਤੋਂ ਇਲਾਵਾ ਕਿਸੇ ਵੀ ਸਥਾਨਕ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਨਾ ਹੀ ਜਾਂਦੇ ਹੋਏ ਐੱਸਐੱਮਓ ਕੋਲੋਂ ਰਿਸ਼ਵਤ ਦੀ ਕਬਜ਼ੇ ’ਚ ਲਈ ਰਕਮ ਬਾਰੇ ਕੋਈ ਖੁਲਾਸਾ ਕੀਤਾ। ਦੱਸ ਦੇਈਏ ਕਿ ਸੀਐੱਚਸੀ ਸਿੱਧਵਾਂ ਬੇਟ ਅਧੀਨ ਪੈਂਦੇ 92 ਪਿੰਡਾਂ ਲਈ 4 ਪੀਐੱਚਸੀ, 25 ਸਬ-ਸੈਂਟਰ ਤੇ 6 ਆਮ ਆਦਮੀ ਕਲੀਨਿਕ ਪੈਂਦੇ ਹਨ ਜਿਨ੍ਹਾਂ ’ਚ 100 ਦੇ ਕਰੀਬ ਸਿਹਤ ਕਾਮੇ ਕੰਮ ਕਰਦੇ ਹਨ। ਪਤਾ ਲੱਗਾ ਹੈ ਕਿ ਸਾਰੇ ਮੁਲਾਜ਼ਮਾਂ ਕੋਲੋਂ ਲੰਘੇ ਸਾਲ ਦੇ ਰਿਕਾਰਡ ਦਾ ਆਡਿਟ ਕਰਨ ਲਈ ਰਕਮ ਇਕੱਠੀ ਕੀਤੀ ਜਾ ਰਹੀ ਸੀ। ਪਰ ਪੰਜਾਬੀ ਦੀ ਇਕ ਕਹਾਵਤ ਕਿ ‘ਘਰ ਦਾ ਭੇਤੀ ਲੰਕਾ ਢਾਹੇ’ ਅਨੁਸਾਰ ਐੱਸਐੱਮਓ ਆਪਣੇ ਹੀ ਮੁਲਾਜ਼ਮਾਂ ਵੱਲੋਂ ਬੁਣੇ ਜਾਲ ’ਚ ਫਸ ਗਈ। ਜਦੋਂ ਇਸ ਸੰਬੰਧੀ ਹਸਪਤਾਲ ਦੇ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਕੋਲੋਂ ਇਸ ਸਾਰੇ ਮਾਮਲੇ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਅਜਿਹੀ ਕੋਈ ਗੱਲ ਬਾਰੇ ਜਾਣਕਾਰੀ ਨਾ ਹੋਣ ਬਾਰੇ ਕਿਹਾ ਜਾ ਰਿਹਾ ਸੀ।