ਕਾਰ ਸਵਾਰ ਪਤੀ ਪਤਨੀ ਤੇ ਹਮਲਾ ਕਰਕੇ ਬਣਾਈ ਵੀਡੀਓ
ਕਾਰ ਸਵਾਰ ਪਤੀ ਪਤਨੀ ਤੇ ਹਮਲਾ ਕਰਕੇ ਬਣਾਈ ਵੀਡੀਓ
Publish Date: Thu, 22 Jan 2026 09:24 PM (IST)
Updated Date: Thu, 22 Jan 2026 09:27 PM (IST)

ਲੁੱਟਣ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ ਫੈਕਟਰੀ ਤੋਂ ਘਰ ਪਰਤਦੇ ਸਮੇਂ ਵਾਪਰੀ ਵਾਰਦਾਤ ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਥਾਣਾ ਲਾਢੋਵਾਲ ਦੀ ਪੁਲਿਸ ਨੇ ਅਜਿਹੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਜਿਨ੍ਹਾਂ ਨੇ ਕਾਰ ਸਵਾਰ ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਹ ਵਾਰਦਾਤ ਉਦੋਂ ਵਾਪਰੀ ਜਦੋਂ ਕਾਰ ਸਵਾਰ ਵਿਅਕਤੀ ਆਪਣੀ ਪਤਨੀ ਨਾਲ ਫੈਕਟਰੀ ਤੋਂ ਘਰ ਪਰਤ ਰਿਹਾ ਸੀ। ਹਮਲਾ ਹੁੰਦੇ ਦੇਖ ਆਲੇ ਦੁਆਲੇ ਦੇ ਕੁਝ ਲੋਕਾਂ ਨੇ ਮਾਮਲੇ ਵਿੱਚ ਦਖਲ ਦਿੱਤੀ ਅਤੇ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ 72 ਬੀ ਡੇਅਰੀ ਕੰਪਲੈਕਸ ਹੰਬੜਾ ਰੋਡ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਅਤੇ ਜੁਗਰਾਜ ਸਿੰਘ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਆਪਸ ਵਿੱਚ ਪਿਓ ਪੁੱਤ ਹਨ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਛਾਉਣੀ ਮੁਹੱਲਾ ਦੇ ਰਹਿਣ ਵਾਲੇ ਅਭਿਨਵ ਅਟਵਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਕੇ ਫੈਕਟਰੀ ਤੋਂ ਘਰ ਆ ਰਹੇ ਸਨ। ਜਿਵੇਂ ਹੀ ਉਹ ਬਿਆਸ ਪਾਰਕ ਰਾਧਾ ਸੁਆਮੀ ਸਤਿਸੰਗ ਘਰ ਪਿੰਡ ਬਾੜੇਵਾਲ ਡੋਗਰਾ ਦੇ ਲਾਗੇ ਪਹੁੰਚੇ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ਼ ਪੰਜ ਛੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਗੱਡੀ ਰੋਕ ਕੇ ਸ਼ਿਕਾਇਤ ਕਰਤਾ ਦੀ ਪਤਨੀ ਨੂੰ ਕਾਰ ਚੋਂ ਬਾਹਰ ਕੱਢ ਲਿਆ ਅਤੇ ਇਹ ਗਾਲੀ ਗਲੋਚ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਐਨਾਂ ਹੀ ਨਹੀਂ ਮੁਲਜ਼ਮਾਂ ਨੇ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਕੁਝ ਹੁੰਦਿਆਂ ਕੁਝ ਲੋਕ ਦੇਖ ਰਹੇ ਸਨ ਲੋਕਾਂ ਨੇ ਦਖਲ ਦੇ ਕੇ ਮੁਲਜ਼ਮ ਰਸ਼ਪਾਲ ਸਿੰਘ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਦੇ ਦੌਰਾਨ ਮੁਲਜ਼ਮ ਜੁਗਰਾਜ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਧਰ ਜਾਂਚ ਅਧਿਕਾਰੀ ਟਹਿਲ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਰਸ਼ਪਾਲ ਸਿੰਘ ਅਤੇ ਜੁਗਰਾਜ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।