ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 2 ਗ੍ਰਿਫ਼ਤਾਰ
ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ
Publish Date: Tue, 02 Dec 2025 08:10 PM (IST)
Updated Date: Wed, 03 Dec 2025 04:12 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ’ਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 2 ਕਥਿਤ ਮੁਲਜ਼ਮਾਂ ਨੂੰ ਥਾਣਾ ਜਮਾਲਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਾਬਾ ਕਾਲੋਨੀ ਕੈਲਾਸ਼ ਨਗਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਤੇ ਗਊਸ਼ਾਲਾ ਕਾਲੋਨੀ ਕਾਕੋਵਾਲ ਰੋਡ ਵਾਸੀ ਬਬਲੂ ਦੇ ਰੂਪ ’ਚ ਹੋਈ ਹੈ। ਸਹਾਇਕ ਥਾਣੇਦਾਰ ਸਤਬੀਰ ਸਿੰਘ ਦੇ ਬਿਆਨ ’ਤੇ ਦੋਨਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਹਾਇਕ ਥਾਣੇਦਾਰ ਸਤਬੀਰ ਸਿੰਘ ਮੁਤਾਬਕ ਸਥਾਨਕ ਪਹਾੜਵਾਲ ਰੋਡ ਦੇ ਨਜ਼ਦੀਕ ਗਸ਼ਤ ਦੌਰਾਨ ਪੁਲਿਸ ਨੂੰ ਗੁਪਤ ਰੂਪ ਨਾਲ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਜਤਿੰਦਰ ਕੁਮਾਰ ਅਤੇ ਬਬਲੂ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ। ਪੁਲਿਸ ਨੂੰ ਪਤਾ ਲੱਗਾ ਸੀ ਕਿ ਮੁਲਜ਼ਮ ਮੋਟਰਸਾਈਕਲ ’ਤੇ ਚੋਰੀ ਦੀ ਕੋਈ ਹੋਰ ਵਾਰਦਾਤ ਅੰਜਾਮ ਦੇਣ ਲਈ ਜਾ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ’ਤੇ ਜਦੋਂ ਪੁਲਿਸ ਨੇ ਮੋਟਰਸਾਈਕਲ ਸਵਾਰ ਦੋਨਾਂ ਮੁਲਜ਼ਮਾਂ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਚੋਰੀਸ਼ੁਦਾ ਮੋਟਰਸਾਈਕਲ ’ਤੇ ਜਾਅਲੀ ਨੰਬਰ ਲਾਇਆ ਹੋਇਆ ਸੀ। ਉਕਤ ਜਾਣਕਾਰੀ ਦੇ ਆਧਾਰ ਤੇ ਦੋਨਾਂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।