ਦਹੇਜ ਲਈ ਵਿਆਹੁਤਾ ਨੂੰ ਤੰਗ ਕਰਨ ਸਬੰਧੀ ਦੋ ਮਾਮਲੇ ਦਰਜ
ਦਹੇਜ ਲਈ ਵਿਆਹੁਤਾ ਨੂੰ ਤੰਗ ਕਰਨ ਸਬੰਧੀ ਦੋ ਮਾਮਲੇ ਦਰਜ
Publish Date: Wed, 31 Dec 2025 09:25 PM (IST)
Updated Date: Wed, 31 Dec 2025 09:26 PM (IST)

ਦਹੇਜ ਲਈ ਵਿਆਹੁਤਾ ਨੂੰ ਤੰਗ ਕਰਨ ਸਬੰਧੀ ਦੋ ਮਾਮਲੇ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦਾਜ ਦੇ ਲਾਲਚ ਵਿੱਚ ਵਿਆਹੁਤਾ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕਰਨ ਦੀਆਂ ਸ਼ਿਕਾਇਤਾਂ ਉੱਪਰ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਖਿਲਾਫ ਪਰਚੇ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ ਮਾਡਲ ਟਾਊਨ ਦੀ ਹੀ ਰਹਿਣ ਵਾਲੀ ਮਿੰਨੀ ਲੂੰਬਾ ਦੇ ਬਿਆਨ ਉੱਪਰ ਉਸ ਦੇ ਪਤੀ ਜਲੰਧਰ ਦੇ ਇਲਾਕੇ ਸੁਭਾਸ਼ ਨਗਰ ਦੇ ਰਹਿਣ ਵਾਲੇ ਅਮਿਤ ਕੱਕੜ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਮਿੰਨੀ ਲੂੰਬਾ ਮੁਤਾਬਕ ਉਸ ਦਾ ਵਿਆਹ ਕਰੀਬ 5 ਸਾਲ ਪਹਿਲਾਂ ਜਲੰਧਰ ਦੇ ਰਹਿਣ ਵਾਲੇ ਅਮਿਤ ਕੱਕੜ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਉਸ ਉੱਪਰ ਹੋਰ ਦਾਜ ਲਿਆਉਣ ਲਈ ਮਾਨਸਿਕ ਅਤੇ ਸਰੀਰਿਕ ਤਸ਼ੱਦਦ ਕਰਨ ਲੱਗ ਗਿਆ। ਸ਼ਿਕਾਇਤ ਕਰਤਾ ਮੁਤਾਬਕ ਉਸ ਦੇ ਘਰਵਾਲੇ ਨੇ ਜਲਦੀ ਸਿਗਰੇਟ ਨਾਲ ਉਸ ਦੀ ਬਾਂਹ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਕੈਂਚੀ ਨਾਲ ਉਸ ਦੇ ਕੱਪੜੇ ਤੱਕ ਕੱਟ ਦਿੱਤੇ। ਜਦ ਪੀੜਤ ਆਪਣੇ ਪਤੀ ਦਾ ਵਿਰੋਧ ਕਰਦੀ ਤਾਂ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਣ ਲੱਗੀ। ਕਈ ਵਾਰ ਪਰਿਵਾਰਿਕ ਤੌਰ ਤੇ ਸਮਝਾਉਣ ਦੇ ਬਾਵਜੂਦ ਪਤੀ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਨ੍ਹਾਂ ਇਹ ਮਾਮਲਾ ਥਾਣਾ ਮਾਡਲ ਟਾਊਨ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਵੂਮੈਨ ਸੈਲ ਪੁਲਿਸ ਵੱਲੋਂ ਸਥਾਨਕ ਪ੍ਰਤਾਪ ਸਿੰਘ ਵਾਲਾ ਹੰਬੜਾਂ ਰੋਡ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਮੋਗਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਾਸੀ ਪਿੰਡ ਚੂੜ ਚੱਕ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਮਨਪ੍ਰੀਤ ਕੌਰ ਮੁਤਾਬਕ ਉਸ ਦਾ ਵਿਆਹ ਕਰੀਬ 6 ਸਾਲ ਪਹਿਲਾਂ ਮਨਪ੍ਰੀਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉਪਰ ਮਾਨਸਿਕ ਅਤੇ ਸਰੀਰਕ ਤਸ਼ੱਦਤ ਕਰਨ ਲੱਗ ਗਿਆ। ਕਈ ਵਾਰ ਉਸ ਦੇ ਪੇਕੇ ਪਰਿਵਾਰ ਨੇ ਪਤੀ ਦੀਆਂ ਮੰਗਾਂ ਪੂਰੀਆਂ ਵੀ ਕੀਤੀਆਂ, ਪਰ ਜਦ ਕੋਈ ਮੰਗ ਰਹਿ ਜਾਂਦੀ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਣ ਲੱਗੀ। ਜਿਸ ਦੀ ਸ਼ਿਕਾਇਤ ਉਨ੍ਹਾਂ ਥਾਣਾ ਵੂਮੈਨ ਸੈਲ ਪੁਲਿਸ ਨੂੰ ਕੀਤੀ। ਥਾਣਾ ਵੂਮੈਨ ਸੈਲ ਪੁਲਿਸ ਵੱਲੋਂ ਮਨਪ੍ਰੀਤ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਮੋਗਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਾਸੀ ਪਿੰਡ ਚੂੜ ਚੱਕ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।