ਨਸ਼ਾ ਤਸਕਰੀ ਦੇ ਦੋਸ਼ ’ਚ 2 ਗ੍ਰਿਫ਼ਤਾਰ
ਨਸ਼ਾ ਤਸਕਰੀ ਦੇ ਦੋਸ਼ ਵਿੱਚ ਦੋ ਗ੍ਰਿਫਤਾਰ
Publish Date: Tue, 13 Jan 2026 08:41 PM (IST)
Updated Date: Wed, 14 Jan 2026 04:13 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿੱਚ ਥਾਣਾ ਮਿਹਰਬਾਨ ਪੁਲਿਸ ਵੱਲੋਂ ਮਾਡਲ ਕਲੋਨੀ ਦੇ ਰਹਿਣ ਵਾਲੇ ਗੁਰਦਿੱਤ ਸਿੰਘ ਉਰਫ ਨੀਲ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਗੁਰਮੀਤ ਸਿੰਘ ਮੁਤਾਬਕ ਪਿੰਡ ਖਵਾਜਕੇ ਤੋਂ ਮਿਹਰਬਾਨ ਵੱਲ ਨੂੰ ਸ਼ਹਨਾਈ ਪੈਲਸ ਦੇ ਨਜ਼ਦੀਕ ਪੁਲਿਸ ਨੂੰ ਇੱਕ ਬੇਅਬਾਦ ਪਲਾਟ ਵਿੱਚ ਸ਼ੱਕੀ ਨੌਜਵਾਨ ਬੈਠਾ ਵਿਖਾਈ ਦਿੱਤਾ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਮੁਲਜ਼ਮ ਲੁਕੋ ਕੇ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਹੈਰੋਇਨ ਨਾਲ ਲਿਬੜੀ ਪੰਨੀ, ਦੱਸ ਰੁਪਏ ਦਾ ਸੜਿਆ ਹੋਇਆ ਨੋਟ ਅਤੇ ਇੱਕ ਲਾਇਟਰ ਬਰਾਮਦ ਕੀਤਾ ਹੈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਵੱਲੋਂ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਕੁੰਦਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣੇਦਾਰ ਰਘਵੀਰ ਸਿੰਘ ਮੁਤਾਬਕ ਪੁਲਿਸ ਨੂੰ ਗੁਪਤ ਰੂਪ ਵਿੱਚ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਗਾਂਜਾ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ। ਉਕਤ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਰੇਡ ਕਰ ਕੇ ਮੁਲਜ਼ਮ ਨੂੰ ਹਿਰਾਸਤ ’ਚ ਲਿਆ ਤੇ ਉਸ ਕੋਲੋਂ 470 ਗ੍ਰਾਮ ਗਾਂਜਾ ਬਰਾਮਦ ਕੀਤਾ। ਪੁਲਿਸ ਨੂੰ ਆਸ ਹੈ ਕਿ ਵਧੇਰੇ ਪੁੱਛਗਿੱਛ ਦੌਰਾਨ ਮੁਲਜ਼ਮ ਦੇ ਸੰਪਰਕ ’ਚ ਹੋਰ ਨਸ਼ਾ ਸਮੱਗਲਰਾਂ ਸਬੰਧੀ ਅਹਿਮ ਸੁਰਾਗ ਹੱਥ ਲੱਗਣਗੇ।