ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗਿੱਲ ਨਹਿਰ ਵਿੱਚ ਸਰਚ ਅਭਿਆਨ ਸ਼ੁਰੂ ਕਰਵਾ ਦਿੱਤਾ। ਗੋਤਾਖੋਰਾਂ ਦੀ ਮਦਦ ਨਾਲ ਲੰਬੀ ਖੋਜ ਮਗਰੋਂ ਬੱਚੇ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ। ਜਿਵੇਂ ਹੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਪਰਿਵਾਰ ਵਿੱਚ ਹਾਹਾਕਾਰ ਮਚ ਗਈ ਅਤੇ ਪੂਰਾ ਇਲਾਕਾ ਗਮਗੀਨ ਹੋ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ । ਗਰਮੀ ਦੇ ਦਿਨ ਸ਼ੁਰੂ ਹੁੰਦੇ ਹੀ ਪੰਜਾਬ ਦੀਆਂ ਨਹਿਰਾਂ ਅਤੇ ਦਰਿਆ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋ ਰਹੇ ਹਨ। ਹਰ ਸਾਲ ਤਾਪਮਾਨ ਵਧਣ ਨਾਲ ਬੱਚੇ ਅਤੇ ਨੌਜਵਾਨ ਨਹਿਰਾਂ ਵਿੱਚ ਨਹਾਉਣ ਲਈ ਉਤਰਦੇ ਹਨ, ਪਰ ਥੋੜ੍ਹੀ ਜਿਹੀ ਲਾਪਰਵਾਹੀ ਕਈ ਪਰਿਵਾਰਾਂ ਲਈ ਸਾਰੀ ਉਮਰ ਦਾ ਦੁੱਖ ਬਣ ਜਾਂਦੀ ਹੈ। ਕਈ ਮਾਸੂਮ ਤੇਜ਼ ਪਾਣੀ ਦੇ ਬਹਾਅ ਵਿੱਚ ਫਸ ਕੇ ਆਪਣੀਆਂ ਜਾਨਾਂ ਗੁਆ ਬੈਠਦੇ ਹਨ ਅਤੇ ਪਿੱਛੇ ਰੋਦਿਆਂ-ਕੁਰਲਾਉਂਦਿਆਂ ਪਰਿਵਾਰ ਛੱਡ ਜਾਂਦੇ ਹਨ। ਅਜਿਹਾ ਹੀ ਇੱਕ ਦਰਦਨਾਕ ਮਾਮਲਾ ਲੁਧਿਆਣਾ ਦੀ ਗਿੱਲ ਨਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 11 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੱਚਾ ਘਰ ਤੋਂ ਨਹਿਰ ਵੱਲ ਗਿਆ ਸੀ, ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਜਦੋਂ ਉਹ ਵਾਪਸ ਘਰ ਨਾ ਪਹੁੰਚਿਆ ਤਾਂ ਪਰਿਵਾਰ ਚਿੰਤਤ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪਹਿਲਾਂ ਆਪਣੇ ਪੱਧਰ ‘ਤੇ ਉਸਦੀ ਭਾਲ ਕੀਤੀ, ਪਰ ਕੋਈ ਪਤਾ ਨਾ ਲੱਗਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗਿੱਲ ਨਹਿਰ ਵਿੱਚ ਸਰਚ ਅਭਿਆਨ ਸ਼ੁਰੂ ਕਰਵਾ ਦਿੱਤਾ। ਗੋਤਾਖੋਰਾਂ ਦੀ ਮਦਦ ਨਾਲ ਲੰਬੀ ਖੋਜ ਮਗਰੋਂ ਬੱਚੇ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ। ਜਿਵੇਂ ਹੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਪਰਿਵਾਰ ਵਿੱਚ ਹਾਹਾਕਾਰ ਮਚ ਗਈ ਅਤੇ ਪੂਰਾ ਇਲਾਕਾ ਗਮਗੀਨ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਤਰਨਜੀਤ ਆਪਣੇ ਘਰ ਦਾ ਸਭ ਤੋਂ ਛੋਟਾ ਅਤੇ ਬਹੁਤ ਲਾਡਲਾ ਪੁੱਤਰ ਸੀ। ਉਸਦੇ ਪਿਤਾ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਇਸ ਹਾਦਸੇ ਨੇ ਪਰਿਵਾਰ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ ਹੈ। ਪਰਿਵਾਰ ਪਹਿਲਾਂ ਹੀ ਇੱਕ ਵੱਡੇ ਸਦਮੇ ਵਿੱਚੋਂ ਲੰਘ ਰਿਹਾ ਸੀ, ਕਿਉਂਕਿ ਕੁਝ ਮਹੀਨੇ ਪਹਿਲਾਂ ਹੀ ਘਰ ਦੀ ਵੱਡੀ ਧੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਹੁਣ ਸਭ ਤੋਂ ਛੋਟੇ ਪੁੱਤਰ ਦੀ ਮੌਤ ਨੇ ਘਰ ਦੇ ਦੁੱਖ ਹੋਰ ਵੀ ਵਧਾ ਦਿੱਤੇ ਹਨ।
ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਗਰਮੀਆਂ ਦੌਰਾਨ ਬੱਚਿਆਂ ਨੂੰ ਨਹਿਰਾਂ ਅਤੇ ਡੂੰਘੇ ਪਾਣੀ ਵਾਲੀਆਂ ਥਾਵਾਂ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।