ਬੂਟਿਆਂ ’ਚ ਛੱਡਿਆ ਜਾ ਰਿਹਾ ਡਾਇੰਗ ਯੂਨਿਟਾਂ ਦਾ ਜ਼ਹਿਰੀਲਾ ਪਾਣੀ
ਡਾਇੰਗ ਯੂਨਿਟ ਦਾ ਜ਼ਹਿਰੀਲਾ ਪਾਣੀ ਪਲਾਂਟੇਸ਼ਨ ’ਚ ਖੁੱਲ੍ਹੇਆਮ, ਵਾਤਾਵਰਣ ਕਾਨੂੰਨਾਂ ਦੀਆਂ ਧੱਜੀਆਂ ਉੱਡੀਆਂ
Publish Date: Thu, 18 Dec 2025 07:58 PM (IST)
Updated Date: Thu, 18 Dec 2025 08:00 PM (IST)

ਡਾਇੰਗ ਯੂਨਿਟ ਦਾ ਜ਼ਹਿਰੀਲਾ ਪਾਣੀ ਬੂਟਿਆਂ ’ਚ ਛੱਡ ਉੱਡੀਆਂ ਜਾ ਰਹੀਆਂ ਵਾਤਾਵਰਣ ਕਾਨੂੰਨਾਂ ਦੀਆਂ ਧੱਜੀਆਂ ਫੋਟੋ ਨੰਬਰ- 14, 15 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਤੋਂ ਬਾਹਰ ਪਿੰਡਾਂ ਅਤੇ ਕਸਬਿਆਂ ’ਚ ਲੱਗੇ ਕੁੱਝ ਡਾਇੰਗ ਯੂਨਿਟਾਂ ਦੇ ਮਾਲਕਾਂ ਵੱਲੋਂ ਬੇਖੌਫ਼ ਹੋ ਕੇ ਆਪਣੇ ਯੂਨਿਟਾਂ ਦਾ ਬਿਨ੍ਹਾਂ ਟ੍ਰੀਟਮੈਂਟ ਕੀਤਾ ਰੰਗਦਾਰ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਆਪਣੀ ਬੂਟਿਆਂ ਅਤੇ ਆਸ-ਪਾਸ ਦੇ ਖੇਤਰਾਂ ’ਚ ਛੱਡਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਗੰਭੀਰ ਮਾਮਲਾ ਪਿੰਡ ਭੁਖੜੀ ਕਲਾਂ, ਬੁੱਢਾ ਦਰਿਆ ਦੇ ਕੰਢੇ ਸਥਿਤ ਏਆਰ ਪ੍ਰੋਸੈਸਰ ਡਾਇੰਗ ਯੂਨਿਟ ਤੋਂ ਸਾਹਮਣੇ ਆਇਆ ਹੈ। ਮੌਕੇ ਤੇ ਪੁੱਜੀ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਪਾਇਆ ਗਿਆ ਕਿ ਸੰਬੰਧਿਤ ਡਾਇੰਗ ਯੂਨਿਟ ਦਾ ਐਫਲੂਐਂਟ ਟ੍ਰੀਟਮੈਂਟ ਪਲਾਂਟ ਬੰਦ ਪਿਆ ਸੀ। ਇਨਾਂ ਹੀ ਨਹੀਂ, ਉਸੇ ਕੰਪਲੈਕਸ ਵਿੱਚ ਚੱਲ ਰਹੀ ਇੱਕ ਹੋਰ ਕੱਚੀ ਡਾਇੰਗ ਅਤੇ ਵਾਸ਼ਿੰਗ ਯੂਨਿਟ ਦਾ ਵੀ ਬਿਨ੍ਹਾਂ ਟ੍ਰੀਟਮੈਂਟ ਕੀਤਾ ਗੰਦਾ ਪਾਣੀ ਡਾਇੰਗ ਦੇ ਬੂਟਿਆਂ ਵਿੱਚ ਛੱਡਿਆ ਜਾ ਰਿਹਾ ਸੀ। ਜਿਸ ਨਾਲ ਬੂਟਿਆਂ ਦੇ ਹਾਲਾਤ ਕਾਫ਼ੀ ਚਿੰਤਾਜਨਕ ਬਣੇ ਹੋਏ ਹਨ, ਜਿਨ੍ਹਾਂ ਵਿੱਚ ਰੰਗਦਾਰ, ਬਿਨ੍ਹਾਂ ਟ੍ਰੀਟ ਕੀਤਾ ਜ਼ਹਿਰੀਲਾ ਪਾਣੀ ਖੜ੍ਹਾ ਹੈ। ਨਾਮ ਨਾ ਛਾਪਣ ਦੀ ਸ਼ਰਤ ਤੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਡਾਇੰਗ ਮਾਲਕ ਵੱਲੋਂ ਅਕਸਰ ਰਾਤ ਦੇ ਸਮੇਂ ਪੰਪਾਂ ਦੀ ਮਦਦ ਨਾਲ ਕੈਮੀਕਲ ਵਾਲਾ ਪਾਣੀ ਬੁੱਢਾ ਦਰਿਆ ਵਿੱਚ ਬਾਈਪਾਸ ਕਰ ਦਿੱਤਾ ਜਾਂਦਾ ਹੈ। ਮਾਮਲੇ ਸੰਬੰਧੀ ਪੱਖ ਜਾਣਨ ਲਈ ਜਦੋਂ ਡਾਇੰਗ ਮਾਲਕ ਮੁੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਉਕਤ ਡਾਇੰਗ ਯੂਨਿਟ ਨੂੰ ਕਿਰਾਏ ਤੇ ਲਿਆ ਹੋਇਆ ਹੈ। ਇਸ ਤੋਂ ਪਹਿਲਾਂ ਉਹ ਡਾਇੰਗ ਯੂਨਿਟ ਵਿੱਚ ਡਾਇੰਗ ਮਾਸਟਰ ਵਜੋਂ ਕੰਮ ਕਰਦਾ ਸੀ। ਗੰਦੇ ਪਾਣੀ ਦੇ ਟ੍ਰੀਟਮੈਂਟ ਬਾਰੇ ਸਵਾਲ ਕਰਨ ਤੇ ਉਸ ਨੇ ਮੰਨਿਆ ਕਿ ਉਸ ਵੱਲੋਂ ਰੰਗਦਾਰ ਕੈਮੀਕਲ ਵਾਲਾ ਪਾਣੀ ਟ੍ਰੀਟ ਨਹੀਂ ਕੀਤਾ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਬਦਬੂ ਅਤੇ ਰੰਗਦਾਰ ਗੰਦਗੀ ਕਾਰਨ ਡਾਇੰਗ ਮਾਲਕ ਵੱਲੋਂ ਲਗਾਏ ਗਏ ਬੂਟਿਆਂ ਸਮੇਤ ਨੇੜਲੇ ਖੇਤਰਾਂ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਸੰਬੰਧਿਤ ਡਾਇੰਗ ਯੂਨਿਟ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਵਾਤਾਵਰਣ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਮਾਮਲੇ ਨਾਲ ਸੰਬੰਧਿਤ ਪੀਪੀਸੀਬੀ ਦੇ ਐਕਸੀਅਨ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਜਲਦ ਹੀ ਉਕਤ ਯੂਨਿਟ ਦੀ ਜਾਂਚ ਕਰ ਸਖਤ ਕਾਰਵਾਈ ਕੀਤੀ ਜਾਵੇਗੀ। ਬਿਨ੍ਹਾਂ ਸਾਫ਼ ਕੀਤਾ ਗੰਦਾ ਪਾਣੀ ਧਰਤੀ, ਪਾਣੀ ਅਤੇ ਸਿਹਤ ਲਈ ਖਾਮੋਸ਼ ਜ਼ਹਿਰ ਮਾਹਿਰਾਂ ਦੇ ਅਨੁਸਾਰ ਡਾਇੰਗ ਯੂਨਿਟਾਂ ਤੋਂ ਨਿਕਲਣ ਵਾਲਾ ਬਿਨ੍ਹਾਂ ਟ੍ਰੀਟਮੈਂਟ ਕੀਤਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਬੂਟਿਆਂ ਦੀਆਂ ਜੜ੍ਹਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਸਕਦਾ ਹੈ। ਇਸ ਤਰ੍ਹਾਂ ਦਾ ਕੈਮੀਕਲ ਮਿਲਿਆ ਪਾਣੀ ਖੇਤੀਬਾੜੀ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਭਾਰੀ ਖਤਰਾ ਬਣ ਜਾਂਦਾ ਹੈ, ਜਿਸ ਦੇ ਪ੍ਰਭਾਵ ਲੰਮੇ ਸਮੇਂ ਤੱਕ ਰਹਿੰਦੇ ਹਨ। ਵਾਤਾਵਰਣ ਸੁਰੱਖਿਆ ਕਾਨੂੰਨਾਂ ਅਨੁਸਾਰ ਹਰ ਡਾਇੰਗ ਯੂਨਿਟ ਲਈ ਲਾਜ਼ਮੀ ਹੈ ਕਿ ਉਹ ਆਪਣੇ ਯੂਨਿਟ ਵਿੱਚ ਵਰਤੇ ਕੈਮੀਕਲ ਵਾਲੇ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦੇ ਪੁਖਤਾ ਪ੍ਰਬੰਧ ਰਾਹੀਂ ਗੁਜ਼ਾਰ ਕੇ ਹੀ ਬੂਨਿਆਂ ਜਾਂ ਬਾਹਰੀ ਖੇਤਰਾਂ ਵਿੱਚ ਛੱਡਣ। ਪਰ ਮੌਕੇ ਤੇ ਸਾਹਮਣੇ ਆਈ ਹਕੀਕਤ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੰਬੰਧਿਤ ਯੂਨਿਟ ਵੱਲੋਂ ਵਾਤਾਵਰਣ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਕੀਤੀ ਜਾ ਰਹੀ ਹੈ।