ਸੜਕ ਹਾਦਸੇ ਨੇ ਇੱਕ ਹੋਰ ਨੌਜਵਾਨ ਦੀ ਜੀਵਨ ਲੀਲਾ ਕੀਤੀ ਖ਼ਤਮ
ਅੱਜ ਫਿਰ ਸੜਕ ਹਾਦਸੇ ਨੇ ਇੱਕ ਹੋਰ ਨੌਜਵਾਨ ਦੀ ਜ਼ਿੰਦਗੀ ਲੀਲ ਲਈ
Publish Date: Mon, 12 Jan 2026 08:31 PM (IST)
Updated Date: Tue, 13 Jan 2026 04:13 AM (IST)

ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ 26 ਸਾਲਾ ਗੁਰਪ੍ਰੀਤ ਦੀ ਮੌਤ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਇਲਾਕੇ ਵਿਚ ਸੜਕੀ ਹਾਦਸਿਆਂ ਕਾਰਨ ਦਰਦਨਾਕ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਐਤਵਾਰ ਰਾਤ ਨੂੰ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਭੈਣ-ਭਰਾ ਦੀ ਹੋਈ ਮੌਤ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਸੋਮਵਾਰ ਦਿਨ ਚੜ੍ਹਦਿਆਂ ਹੀ ਜਗਰਾਓਂ-ਰਾਏਕੋਟ ਰੋਡ ’ਤੇ ਪਿੰਡ ਢੋਲਣ ਗੇਟ ਨੇੜੇ ਵਾਪਰੇ ਹਾਦਸੇ ਵਿਚ 26 ਸਾਲਾ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਦੇ ਪਿੰਡ ਬੱਸੀਆਂ ਵਾਸੀ 26 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਦਰਬਾਰਾ ਸਿੰਘ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ। ਜਗਰਾਓਂ-ਰਾਏਕੋਟ ਰੋਡ ’ਤੇ ਪਿੰਡ ਰੂੰਮੀ ਨਿਕਲ ਕੇ ਸੜਕ ’ਤੇ ਪਏ ਇੱਕ ਟੋਏ ਵਿਚ ਮੋਟਰਸਾਈਕਲ ਜਾ ਵੱਜਣ ਕਾਰਨ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਡਿਗ ਡੋਲੇ ਖਾਂਦਾ ਜਾ ਡਿੱਗਿਆ। ਇਸ ਦੌਰਾਨ ਮੋਟਰਸਾਈਕਲ ਗੁਰਪ੍ਰੀਤ ਦੇ ਸੜਕ ’ਤੇ ਡਿੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਓਂ ਥਾਣਾ ਸਦਰ ਦੀ ਪੁਲਿਸ ਘਟਨਾ ਸਥੱਲ ’ਤੇ ਪੁੱਜੀ। ਉਨ੍ਹਾਂ ਮ੍ਰਿਤਕ ਦੇ ਪੋਸਟਮਾਰਟਮ ਲਈ ਜਗਰਾਓਂ ਸਿਵਲ ਹਸਪਤਾਲ ਭੇਜੀ। ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੁਰਪ੍ਰੀਤ ਦੀ ਇਸ ਘਟਨਾ ਵਿਚ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।