ਕਾਰ ਸਵਾਰ ਨੂੰ ਘੇਰ ਕੇ ਤਿੰਨ ਜਣਿਆਂ ਨੇ ਕੀਤਾ ਹਮਲਾ ਪਰਚਾ ਦਰਜ
ਕਾਰ ਸਵਾਰ ਨੂੰ ਘੇਰ ਕੇ ਤਿੰਨ ਜਣਿਆਂ ਨੇ ਕੀਤਾ ਹਮਲਾ ਪਰਚਾ ਦਰਜ
Publish Date: Sun, 18 Jan 2026 09:22 PM (IST)
Updated Date: Sun, 18 Jan 2026 09:25 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਚੰਡੀਗੜ੍ਹ ਰੋਡ ਸਥਿਤ ਫਰੈਂਡਸ ਕਲੋਨੀ ਰਾਮਗੜ੍ਹ ਇਲਾਕੇ ਵਿੱਚ ਤਿੰਨ ਵਿਅਕਤੀਆਂ ਨੇ ਕਾਰ ਸਵਾਰ ਨੂੰ ਘੇਰ ਕੇ ਕੁੱਟਮਾਰ ਕੀਤੀ। ਕੁੱਟਮਾਰ ਦਾ ਸ਼ਿਕਾਰ ਹੋਏ ਚੰਡੀਗੜ੍ਹ ਰੋਡ ਵਾਸੀ ਅਜੈਬ ਸਿੰਘ ਦੇ ਬਿਆਨ ਉੱਪਰ ਥਾਣਾ ਜਮਾਲਪੁਰ ਪੁਲਿਸ ਨੇ ਹਮਲਾ ਕਰਨ ਵਾਲੇ ਮੁਲਜ਼ਮ ਦਖਸ਼ ਸ਼ਰਮਾ ਵਾਸੀ ਫਰੈਂਡਸ ਕਲੋਨੀ ਰਾਮਗੜ੍ਹ ਰੋਡ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਜੈਬ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਆਪਣੇ ਦਫਤਰ ਸਮਰਾਲਾ ਚੌਂਕ ਤੋਂ ਆਪਣੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ, ਇਸ ਦੌਰਾਨ ਜਦ ਉਹ ਫਰੈਂਡਸ ਕਲੋਨੀ ਦੇ ਮੇਨ ਗੇਟ ਕੋਲ ਪੁੱਜਾ ਤਾਂ ਗੇਟ ਕੋਲ ਪਹਿਲਾਂ ਹੀ ਤਿੰਨ ਵਿਅਕਤੀ ਖੜੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਜਦ ਉਹ ਥੋੜਾ ਅੱਗੇ ਗਿਆ ਤਾਂ ਤਿੰਨਾਂ ਨੇ ਉਸ ਨੂੰ ਰੋਕ ਕੇ ਉਸ ਦੀ ਕਾਰ ਦੇ ਬੋਨਟ ਤੇ ਜੋਰ ਨਾਲ ਘਸੁੰਨ ਮਾਰਿਆ। ਮੁਦੱਈ ਦੇ ਵਿਰੋਧ ਕਰਨ ਤੇ ਉਕਤ ਵਿਅਕਤੀ ਨੇ ਆਪਣੇ ਦੋ ਹੋਰ ਸਾਥੀਆਂ ਸਮੇਤ ਮੁਦਈ ਨੂੰ ਕਾਰ ਵਿੱਚੋਂ ਕੱਢ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਉਸ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤ ਕਰਤਾ ਮੁਤਾਬਕ ਇਸ ਲੜਾਈ ਝਗੜੇ ਦੌਰਾਨ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਵੀ ਟੁੱਟ ਕੇ ਕਿੱਧਰੇ ਡਿੱਗ ਗਈ ਹੈ। ਮੁਦੱਈ ਮੁਤਾਬਿਕ ਹਮਲਾ ਕਰਨ ਵਾਲੇ ਵਿੱਚੋਂ ਇੱਕ ਦੀ ਪਛਾਣ ਬਖਸ਼ੀਸ਼ ਸ਼ਰਮਾ ਦੇ ਰੂਪ ਵਿੱਚ ਹੋਈ ਜਦਕਿ ਉਸ ਦੇ ਦੋ ਹੋਰ ਅਣਪਛਾਤੇ ਸਾਥੀਆਂ ਦੀ ਸ਼ਨਾਖਤ ਅਜੇ ਬਾਕੀ ਹੈ।