ਲਾਢੋਵਾਲ ਟੋਲ ਪਲਾਜ਼ਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ
ਲਾਢੋਵਾਲ ਟੋਲ ਪਲਾਜ਼ਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਤਿੰਨ ਮੁਲਜਮ ਗ੍ਰਿਫਤਾਰ
Publish Date: Mon, 08 Dec 2025 08:39 PM (IST)
Updated Date: Mon, 08 Dec 2025 08:42 PM (IST)

ਲਾਢੋਵਾਲ ਟੋਲ ਪਲਾਜ਼ਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ ਪਟਿਆਲਾ ਵਿਆਹ ਤੋਂ ਵਾਪਸ ਆਉਂਦੇ ਸਮੇਂ ਚਲਾਈਆਂ ਸਨ ਗੋਲੀਆਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦੇਰ ਰਾਤ ਨੂੰ ਲਾਢੋਵਾਲ ਟੋਲ ਪਲਾਜ਼ਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਘੋਹਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਅਮਿਤ ਪਾਲ ਸਿੰਘ, ਧਾਰੀਵਾਲ ਦੇ ਵਾਸੀ ਅਦਿੱਤਿਆ ਮੋਹਨ ਅਤੇ ਬਟਾਲਾ ਦੇ ਰਹਿਣ ਵਾਲੇ ਸਤਨਾਮ ਸਿੰਘ ਵੱਜੋਂ ਹੋਈ ਹੈ। ਇੰਜ ਵਾਪਰੀ ਸੀ ਸਾਰੀ ਘਟਨਾ ਤਿੰਨ ਦਿਨ ਪਹਿਲਾਂ ਲੁਧਿਆਣਾ ਵਾਲੇ ਪਾਸਿਓਂ ਆਈ ਇੱਕ ਗੱਡੀ ਟੋਲ ਪਲਾਜ਼ਾ ਕਰਾਸ ਕਰਕੇ ਜਲੰਧਰ ਵੱਲ ਜਾ ਰਹੀ ਸੀ। ਟੋਲ ਮੁਲਾਜ਼ਮਾਂ ਨੇ ਜਦ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਟੋਲ ਪਰਚੀ ਕਟਾਉਣ ਲਈ ਆਖਿਆ ਤਾਂ ਉਨ੍ਹਾਂ ਨੇ ਖੁਦ ਨੂੰ ਵੀਆਈਪੀ ਦੱਸਿਆ ਅਤੇ ਬਿਨ੍ਹਾਂ ਪਰਚੀ ਕਟਾਏ ਹੀ ਗੱਡੀ ਲੰਘਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਅਤੇ ਕਾਰ ਸਵਾਰ ਨੌਜਵਾਨਾਂ ਵਿਚਕਾਰ ਤਕਰਾਰ ਹੋ ਗਈ। ਝਗੜੇ ਦੇ ਦੌਰਾਨ ਨੌਜਵਾਨਾਂ ਚੋਂ ਇੱਕ ਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਣ ਲੱਗ ਪਈ। ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਲਾਢੋਵਾਲ ਦੀ ਪੁਲਿਸ ਨੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ਅਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਡੀਸੀਪੀ ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਹੋਰ ਜਾਣਕਾਰੀਆਂ ਹਾਸਿਲ ਕਰ ਰਹੀ ਹੈ। ਦੌਰਾਨੇ ਤਫਤੀਸ਼ ਇਸ ਕੇਸ ਨਾਲ ਸੰਬੰਧਿਤ ਕਈ ਚੀਜ਼ਾਂ ਦੇ ਖੁਲਾਸੇ ਹੋ ਸਕਦੇ ਹਨ।