ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਸਾਇਡ ਹਮਲੇ ਦੀ ਈਮੇਲ ਨਾਲ ਮੱਚੀ ਅਫ਼ਰਾ-ਤਫ਼ਰੀ
ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਸਾਇਡ ਹਮਲੇ ਦੀ ਈਮੇਲ ਨਾਲ ਮੱਚੀ ਅਫ਼ਰਾ-ਤਫ਼ਰੀ
Publish Date: Wed, 14 Jan 2026 08:09 PM (IST)
Updated Date: Wed, 14 Jan 2026 08:12 PM (IST)

ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਸਾਇਡ ਹਮਲੇ ਦੀ ਈਮੇਲ ਨਾਲ ਮੱਚੀ ਅਫ਼ਰਾ-ਤਫ਼ਰੀ ਫੋਟੋ- 25, 26 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਬੁੱਧਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਕ ਈਮੇਲ ਆਈਡੀ ’ਤੇ ਬੰਬ ਧਮਾਕੇ ਅਤੇ ਸੁਸਾਇਡ ਹਮਲੇ ਦੀ ਧਮਕੀ ਭਰੀ ਈਮੇਲ ਮਿਲੀ। ਇੱਕ ਹਫ਼ਤੇ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੁੱਧਵਾਰ ਨੂੰ ਧਮਕੀ ਮਿਲਣ ਤੋਂ ਬਾਅਦ ਡਿਵੀਜ਼ਨ ਨੰਬਰ-5 ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਵੀ ਅਜਿਹੀ ਹੀ ਧਮਕੀ ਮਿਲੀ ਸੀ, ਪਰ ਉਸ ਸਮੇਂ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸੀ, ਜਦਕਿ ਦਸੰਬਰ 2021 ਵਿੱਚ ਅਦਾਲਤ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਘਟਨਾ ਨੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਸੀ। ਬੁੱਧਵਾਰ ਸਵੇਰੇ ਜਾਣਕਾਰੀ ਮਿਲਦੇ ਹੀ ਪੂਰੇ ਨਿਆਂਇਕ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਧਮਕੀ ਵਾਲੀ ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਇੱਕ ਗਰੁੱਪ ਦੇ ‘ਹਿਊਮਨ ਬੰਬ’ ਅਦਾਲਤ ਅੰਦਰ ਸੁਸਾਇਡ ਹਮਲੇ ਕਰਨਗੇ ਅਤੇ ਕਥਿਤ ਤੌਰ ’ਤੇ ਆਰਡੀਐਕਸ ਨਾਲ ਬਣੇ ਤਿੰਨ ਆਈਈਡੀ ਅਦਾਲਤ ਦੇ ਮਹੱਤਵਪੂਰਨ ਸਥਾਨਾਂ ’ਤੇ ਲਗਾਏ ਗਏ ਹਨ। ਜਾਣਕਾਰੀ ਮਿਲਣ ਨਾਲ ਹੀ ਪੁਲਿਸ ਨੇ ਵੱਡਾ ਸੁਰੱਖਿਆ ਅਭਿਆਨ ਚਲਾਇਆ। ਬੰਬ ਨਿਰੋਧਕ ਦਸਤੇ, ਡੌਗ ਸਕੁਆਡ ਅਤੇ ਭਾਰੀ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ। ਜੱਜਾਂ, ਵਕੀਲਾਂ, ਅਦਾਲਤੀ ਕਰਮਚਾਰੀਆਂ ਅਤੇ ਮੁਕਦਮਿਆਂ ਦੀ ਸੁਣਵਾਈ ਲਈ ਆਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਲੁਧਿਆਣਾ ਦੇ ਐਡੀਸ਼ਨਲ ਕਮਿਸ਼ਨਰ ਆਫ਼ ਪੁਲਿਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਧਮਕੀ ਭਰੀ ਈਮੇਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਕ ਈਮੇਲ ’ਤੇ ਮਿਲੀ ਸੀ ਅਤੇ ਭੇਜਣ ਵਾਲੇ ਦਾ ਨਾਮ ਤੇ ਈਮੇਲ ਆਈਡੀ ਪਹਿਲਾਂ ਵਾਲੀ ਤੋਂ ਵੱਖਰੀ ਸੀ। ਉਨ੍ਹਾਂ ਕਿਹਾ ਕਿ ਪੂਰੇ ਕੰਪਲੈਕਸ ਦੀ ਬੰਬ ਦਸਤੇ ਅਤੇ ਸਨੀਫ਼ਰ ਡੌਗਜ਼ ਦੀ ਮਦਦ ਨਾਲ ਗਹਿਰੀ ਜਾਂਚ ਕੀਤੀ ਗਈ, ਪਰ ਕੋਈ ਵੀ ਸ਼ੱਕੀ ਵਸਤੂ ਜਾਂ ਧਮਾਕੇ ਵਾਲਾ ਸਮਾਨ ਨਹੀਂ ਮਿਲਿਆ। ਬਾਅਦ ਵਿੱਚ ਇਹ ਈਮੇਲ ਝੂਠੀ ਸਾਬਤ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਈਮੇਲ ਭੇਜਣ ਵਾਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਈਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਜਗਰਾਓਂ ਅਦਾਲਤ ਕੰਪਲੈਕਸ ਵਿੱਚ ਵੀ ਜਾਂਚ ਕੀਤੀ ਗਈ। ਸਾਲ 2021 ਵਿੱਚ ਹੋਇਆ ਸੀ ਬੰਬ ਧਮਾਕਾ ਜ਼ਿਕਰਯੋਗ ਹੈ ਕਿ 23 ਦਸੰਬਰ 2021 ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਹੋਏ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜੋ ਕਥਿਤ ਤੌਰ ’ਤੇ ਮੁਲਜ਼ਮ ਸੀ, ਜਦਕਿ ਪੰਜ ਹੋਰ ਜ਼ਖ਼ਮੀ ਹੋਏ ਸਨ। ਇਹ ਇਮਾਰਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਨਾਲ ਲੱਗਦੀ ਹੋਈ ਹੈ।