ਰਾਤਾਂ ਸੜਕਾਂ ਤੇ ਕੱਟਣ ਵਾਲਿਆਂ ਦੀ ਠੇਕਿਆਂ ’ਤੇ ਸ਼ਰਾਬ ਨਾਲ ਹੁੰਦੀ ਸਵੇਰ
ਰਾਤਾਂ ਸੜਕਾਂ ਤੇ ਕੱਟਣ ਵਾਲਿਆਂ ਦੀ ਠੇਕਿਆਂ ਤੇ ਸ਼ਰਾਬ ਨਾਲ ਹੁੰਦੀ ਸਵੇਰ
Publish Date: Tue, 02 Dec 2025 11:44 PM (IST)
Updated Date: Wed, 03 Dec 2025 04:15 AM (IST)

ਤੰਦਰੁਸਤ ਹੁੰਦੇ ਹੋਏ ਅਪਹਾਜ ਬਣਕੇ ਭੀਖ ਲੈਣ ਲਈ ਪੜ੍ਹੇ ਲਿਖੇ ਲੋਕਾਂ ਨੂੰ ਬਣਾਉਦੇ ਮੁਰਖ ਬਰਾੜ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਦੀ ਵਪਾਰਕ ਹੱਬ ਮੰਨੇ ਜਾਂਦੇ ਲੁਧਿਆਣਾ ‘ਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਵਪਾਰੀ ਤਾਂ ਵਪਾਰ ਕਰਨ ਆਉਦੇ ਹੀ ਹਨ, ਪਰ ਉਦਯੋਗਿਕ ਜ਼ਿਲ੍ਹਾ ਹੋਣ ਕਾਰਨ ਰੋਜਗਾਰ ਅਸਾਨੀ ਨਾਲ ਮਿਲਣ ਦੇ ਚੱਲਦੇ ਦੂਸਰੇ ਸੂਬਿਆਂ ਦੇ ਲੋਕ ਇੱਥੇ ਆਪਣਾ ਕਾਰੋਬਾਰ ਕਰਨ ਕਰ ਕੇ ਪੱਕੇ ਤੌਰ ’ਤੇ ਲੁਧਿਆਣਾ ਦੇ ਪੱਕੇ ਵਸਨੀਕ ਵੀ ਬਣ ਰਹੇ ਹਨ। ਜਿੱਥੇ ਇਸ ਜ਼ਿਲ੍ਹੇ ਵਿੱਚ ਵੱਡੀ ਪੱਧਰ ਤੇ ਬਹਾਰਲੇ ਸੂਬਿਆਂ ਦੇ ਲੋਕਾਂ ਨੇ ਆਪਣੇ ਕਾਰੋਬਾਰ ਵਿੱਚ ਤਰੱਕੀ ਕੀਤੀ ਹੈ, ਉਥੇ ਨਾਲ ਹੀ ਵੱਡੀ ਪੱਧਰ ਤੇ ਮਹਾਂਨਗਰ ਵਿੱਚ ਬਾਹਰੀ ਸੂਬਿਆਂ ਤੋਂ ਆਏ ਲੋਕ ਧਾਰਮਿਕ ਸਥਾਨਾਂ ਦੇ ਨੇੜੇ ਭਿਖਾਰੀ ਬਣਕੇ ਸ਼ਰਧਾਲੂਆਂ ਤੋਂ ਭੀਖ ਮੰਗਦੇ ਵੀ ਦਿਖਾਈ ਦਿੰਦੇ ਹਨ, ਜ਼ਿਨ੍ਹਾਂ ਵੱਲੋਂ ਧਾਰਮਿਕ ਸਥਾਨਾਂ ਦੇ ਨੇੜੇ ਦੀਆਂ ਸੜਕਾਂ ਨੂੰ ਹੀ ਆਪਣੇ ਰੈਣ ਬਸੇਰੇ ਵਜੋਂ ਵਰਤਿਆ ਜਾਂਦਾ ਹੈ। ਧਾਰਮਿਕ ਸਥਾਨਾਂ ਦੇ ਨਜ਼ਦੀਕ ਅਸਾਨੀ ਨਾਲ ਮਿਲਦੇ ਲੰਗਰ, ਫਲ ਅਤੇ ਪੈਸਿਆਂ ਦੇ ਚੱਲਦੇ ਬਾਹਰਲੇ ਸੂਬਿਆਂ ਤੋਂ ਆਏ ਭਿਖਾਰੀਆਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਹਲਾਤ ਇਹ ਹਨ ਕਿ ਪ੍ਰਸ਼ਾਸਨ ਦੀ ਸਖਤੀ ਦੇ ਬਾਅਦ ਵੀ ਭਿਖਾਰੀਆਂ ਨੂੰ ਸ਼ਹਿਰ ਦੀਆਂ ਸੜਕਾਂ ਤੇ ਫੁੱਟਪਾਥ ਤੇ ਬੈਠੇ ਕੇ ਮੰਗਦੇ ਦੇਖਿਆ ਜਾ ਸਕਦਾ ਹੈ ਇਹ ਲੋਕ ਵੱਡੀ ਪੱਧਰ ਤੇ ਟ੍ਰੈਫਿਕ ਲਾਈਟਾਂ ਤੇ ਛੋਟੇ ਜਵਾਕਾਂ ਨੂੰ ਗੋਦ ਵਿੱਚ ਚੱਕਕੇ ਰਾਹਗੀਗਾਂ ਤੋਂ ਆਮ ਮੰਗਦੇ ਦਿਖਾਈ ਦਿੰਦੇ ਹਨ। ਦਿਨ ਵਿੱਚ ਧਾਰਮਿਕ ਸਥਾਨਾਂ, ਚੌਂਕਾਂ, ਸੜਕਾਂ ਅਤੇ ਫੁੱਟਪਾਥਾਂ ਤੇ ਭੀਖ ਮੰਗਣ ਵਾਲੇ ਕਾਫੀ ਭਿਖਾਰੀਆਂ ਦੀ ਸਵੇਰ ਦੀ ਸ਼ੁਰੂਆਤ ਠੇਕਿਆਂ ਤੇ ਹੁੰਦੀ ਹੈ। ਜੇਕਰ ਇਨ੍ਹਾਂ ਭਿਖਾਰੀਆਂ ਦੀ ਦਿਨ ਚਰਿਆ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਦੀ ਸ਼ੁਰੂਆਤ ਠੇਕਿਆਂ ਤੋਂ ਹੁੰਦੀ ਹੈ, ਜਿੱਥੋਂ ਸ਼ਰਾਬ ਖਰੀਦਣ ਤੋਂ ਬਾਅਦ ਇਹ ਲੋਕ ਝੁੰਡਾਂ ਵਿੱਚ ਸੜਕ ਤੇ ਬੈਠਕੇ ਹੀ ਪੀਂਦੇ ਹਨ ਅਤੇ ਵਾਪਸ ਆਪਣੇ ਸਥਾਨਾਂ ਤੇ ਪਹੁੰਚ ਜਾਂਦੇ ਹਨ। ਜਿੱਥੇ ਰੱਖਬਾਗ ਦੇ ਨੇੜੇ ਇਨ੍ਹਾਂ ਭਿਖਾਰੀਆਂ ਨੂੰ ਦਿਨ ਵੇਲੇ ਸੁੱਤੇ ਹੋਏ ਜਾਂ ਗਰੁੱਪਾਂ ਵਿੱਚ ਤਾਸ਼ ਖੇਡਦੇ ਦੇਖਿਆ ਜਾ ਸਕਦਾ ਹੈ, ਉੱਥੇ ਹੀ ਲੋਕ ਇਨ੍ਹਾਂ ਭਿਖਾਰੀਆਂ ਨੂੰ ਖਾਣ ਪੀਣ ਦਾ ਸਮਾਨ ਵੰਡਕੇ ਜਾਂਦੇ ਹਨ। ਇਹ ਲੋਕ ਸੜਕਾਂ ਕਿਨਾਰੇ ਬੈਠ ਕੇ ਬੀੜੀਆਂ, ਸਿਰਗਟਾਂ ਅਤੇ ਸੁਲਫੇ ਦੇ ਸੂਟੇ ਲਗਾਉਦੇ ਆਮ ਦੇਖੇ ਜਾ ਸਕਦੇ ਹਨ। ਮਹਾਂਨਗਰ ਦੇ ਭੋਲੇ ਭਾਲੇ ਲੋਕ ਇਨ੍ਹਾਂ ਲੋਕਾਂ ਨੂੰ ਸਰਦੀਆਂ ਵਿੱਚ ਸਰੀਰ ਢੱਕਣ ਲਈ ਨਵੇਂ ਕੰਬਲ ਅਤੇ ਹੋਰ ਕੱਪੜੇ ਦੇਕੇ ਜਾਂਦੇ ਹਨ। ਪਰ ਇਹ ਲੋਕ ਉਨ੍ਹਾਂ ਕੰਬਲਾਂ ਅਤੇ ਕੱਪੜਿਆਂ ਨੂੰ ਅੱਗੇ ਵੇਚ ਦਿੰਦੇ ਹਨ। ਲੋਕਾਂ ਵੱਲੋਂ ਦਿੱਤੇ ਕੱਪੜਿਆਂ ਨੂੰ ਵੇਚਕੇ ਵੱਟੇ ਪੈਸਿਆਂ ਅਤੇ ਲੋਕਾਂ ਵੱਲੋਂ ਦਾਨ ਪੁੰਨ ਲਈ ਦਿੱਤੇ ਪੈਸਿਆਂ ਨਾਲ ਨਸ਼ਾ ਕਰਦੇ ਆਮ ਦੇਖਿਆ ਜਾ ਸਕਦਾ ਹੈ। ਅਜਿਹਾ ਹੀ ਨਜ਼ਾਰਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਮਾਲ ਰੋਡ ਤੇ ਖੱਲ੍ਹੇ ਠੇਕੇ ਨੇੜੇ ਸੜਕ ਦੇ ਕਿਨਾਰੇ ਸਵੇਰੇ ਹੀ ਇਹ ਭਿਖਾਰੀ ਝੁੰਡਾਂ ਵਿੱਚ ਸ਼ਰਾਬ ਦੇ ਪੈਗ ਮਾਰਕੇ ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਸਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਥਾਵਾਂ ਦੇ ਨੇੜੇ ਬਣੇ ਠੇਕਿਆਂ ਦੇ ਬਾਹਰ ਇਨ੍ਹਾਂ ਨੂੰ ਅਕਸਰ ਸ਼ਰਾਬ ਪੀਦੇ ਦੇਖਿਆ ਜਾ ਸਕਦਾ ਹੈ। ਕਈ ਭਿਖਾਰੀ ਤੰਦਰੁਸਤ ਹੁੰਦੇ ਹੋਏ ਆਪਣੇ ਆਪ ਨੂੰ ਅਪਹਾਜ ਬਣਾਕੇ ਪੜ੍ਹੇ ਲਿਖੇ ਲੋਕਾਂ ਕੋਲੋ ਪੈਸੇ ਮੰਗਦੇ ਹਨ, ਤਰਸ਼ ਦੇ ਅਧਾਰ ਤੇ ਆਮ ਲੋਕਾਂ ਵੱਲੋਂ ਇਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਪਰ ਇਹ ਲੋਕ ਸ਼ਹਿਰ ਦੇ ਪੜ੍ਹੇ ਲਿਖੇ ਲੋਕਾਂ ਨੂੰ ਵੱਡੀ ਪੱਧਰ ਤੇ ਮੂਰਖ ਬਣਾ ਰਹੇ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਨਿਰਦੇਸ਼ਕ ਪੰਜਾਬ ਸਟੇਟ ਕੰਨਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਰਵਿੰਦਰਪਾਲ ਸਿੰਘ ਪਾਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਬਹਾਰਲੇ ਸੂਬਿਆਂ ਤੋਂ ਆ ਰਹੇ ਪ੍ਰਵਾਸੀ ਭਿਖਾਰੀਆਂ ਦੀ ਛਾਣਬੀਨ ਕਰਨੀ ਚਾਹੀਦੀ ਹੈ।