ਲਾਕਰ ’ਚੋਂ ਕਢਵਾ ਕੇ ਘਰ ’ਚ ਰੱਖੇ ਗਹਿਣੇ, ਚੋਰ ਲੈ ਕੇ ਹੋਏ ਰਫੂ ਚੱਕਰ, ਸੀਸੀਟੀਵੀ ’ਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ
ਮਿਨੀ ਸੈਕਟਰੀਏਟ ਦੇ ਲਾਗੇ ਪੈਂਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਘਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵਾਰਦਾਤ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਰਿਵਾਰ ਦੀ ਮੈਂਬਰ ਚੰਦਨਾ ਰਾਏ ਨੇ ਦੱਸਿਆ ਕਿ ਵਾਰਦਾਤ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ।
Publish Date: Sun, 25 Jan 2026 12:17 PM (IST)
Updated Date: Sun, 25 Jan 2026 12:21 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਿਨੀ ਸੈਕਟਰੀਏਟ ਦੇ ਲਾਗੇ ਪੈਂਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਘਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵਾਰਦਾਤ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਰਿਵਾਰ ਦੀ ਮੈਂਬਰ ਚੰਦਨਾ ਰਾਏ ਨੇ ਦੱਸਿਆ ਕਿ ਵਾਰਦਾਤ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ।
ਉਹ ਘਰ ਤੋਂ ਬਾਹਰ ਗਏ ਹੋਏ ਸਨ ਅਤੇ ਉਨ੍ਹਾਂ ਦੀ ਮਾਤਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ। ਪਰਿਵਾਰਿਕ ਮੈਂਬਰ ਜਦ ਘਰ ਵਾਪਸ ਪਰਤਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਬੈਡਰੂਮ ਦੇ ਅੰਦਰ ਦਾਖ਼ਲ ਹੁੰਦੇ ਹੀ ਪਰਿਵਾਰਿਕ ਮੈਂਬਰਾਂ ਦੇ ਹੋਸ਼ ਉੱਡ ਗਏ, ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਬੈਂਕ ਦੇ ਲਾਕਰ ਵਿੱਚੋਂ ਸੋਨਾ ਕਢਵਾ ਕੇ ਘਰ ਵਿੱਚ ਰੱਖਿਆ ਸੀ, ਜਿਸ ਨੂੰ ਅਣਪਛਾਤੇ ਬਦਮਾਸ਼ ਚੋਰੀ ਕਰਕੇ ਲੈ ਗਏ ਹਨ।
ਤਸਵੀਰਾਂ ’ਚ ਨਜ਼ਰ ਆਇਆ ਨੌਜਵਾਨ
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਤਸਵੀਰਾਂ ਵਿੱਚ ਮਾਸਕ ਪਹਿਨਿਆ ਨੌਜਵਾਨ ਨਜ਼ਰ ਆਇਆ। ਉਹ ਘਰ ਦੇ ਆਲੇ ਦੁਆਲੇ ਰੇਕੀ ਕਰਦਾ ਦਿਖ ਰਿਹਾ ਸੀ। ਮਾਸਕ ਪਹਿਨਿਆ ਨੌਜਵਾਨ ਪਹਿਲਾਂ ਸਿਗਰਟ ਪੀਂਦਾ ਨਜ਼ਰ ਆਇਆ ਉਸ ਤੋਂ ਬਾਅਦ ਮੌਕਾ ਦੇਖਦੇ ਹੀ ਉਹ ਘਰ ਦੇ ਅੰਦਰ ਦਾਖਲ ਹੋਇਆ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਿਆ। ਉਧਰ ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦੀ ਡੁੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੌਜਵਾਨ ਦੀ ਤਲਾਸ਼ ਕਰਨ ਵਿੱਚ ਜੁੱਟ ਗਈ ਹੈ।