ਪਹਿਲਾਂ ਬੇਰੰਗ ਪਰਤੀ ਟੀਮ ਨੇ ਮੁੜ ਆ ਕੇ ਢਾਹ ਦਿੱਤਾ ਘਰ
ਪਹਿਲਾਂ ਬੇਰੰਗ ਪਰਤੀ ਟੀਮ ਨੇ ਮੁੜ ਆ ਕੇ ਢਾਹ ਦਿੱਤਾ ਘਰ
Publish Date: Mon, 17 Nov 2025 09:12 PM (IST)
Updated Date: Tue, 18 Nov 2025 04:17 AM (IST)

-ਮੁੜ ਘਰ ਢਾਹੁਣ ਆਲਾ ਅਧਿਕਾਰੀ ਵੱਡੀ ਫੋਰਸ ਨਾਲ ਆਏ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਮੁਹੱਲਾ ਰਾਣੀ ਵਾਲਾ ਖੂਹ ਵਿਖੇ ਨਸ਼ਾ ਤਸਕਰ ਦਾ ਘਰ ਢਾਹੁਣ ਆਈ ਟੀਮ ਪਰਿਵਾਰ ਵੱਲੋਂ ਅਦਾਲਤ ’ਚ ਕੇਸ ਕਰਨ ’ਤੇ ਵਾਪਸ ਪਰਤੀ ਪਰ ਫਿਰ ਕੁਝ ਸਮੇਂ ਬਾਅਦ ਮੁੜ ਆ ਕੇ ਟੀਮ ਨੇ ਘਰ ਢਾਹ ਦਿੱਤਾ। ਅੱਜ ਦੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਹੈ, ਜਿਸ ਘਰ ਨੂੰ ਢਾਹੁਣ ਆਈ ਉਸ ਦੇ ਮਾਲਕ ਖ਼ਿਲਾਫ਼ ਕੋਈ ਮੁਕੱਦਮਾ ਨਹੀਂ ਹੈ। ਉਸ ਦੇ ਪੁੱਤ ਖ਼ਿਲਾਫ਼ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ, ਜਦੋਂ ਪਰਿਵਾਰ ਨੇ ਇਸ ਦੀ ਦੁਹਾਈ ਦਿੱਤੀ ਤਾਂ ਟੀਮ ਪਹਿਲਾਂ ਵਾਪਸ ਪਰਤ ਗਈ ਫਿਰ ਕੁਝ ਸਮੇਂ ਬਾਅਦ ਵੱਡੇ ਅਧਿਕਾਰੀਆਂ ਨਾਲ ਫੋਰਸ ਤੇ ਲਾਮ ਲਸ਼ਕਰ ਪੁੱਜਾ, ਜਿਨ੍ਹਾਂ ਨੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਘਰ ਢਾਹ ਦਿੱਤਾ। ਸੋਮਵਾਰ ਬਾਅਦ ਦੁਪਹਿਰ ਮੁਹੱਲਾ ਰਾਣੀ ਵਾਲਾ ਖੂਹ ਵਿਖੇ ਜਗਰਾਓਂ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀ ਫੋਰਸ ਤੇ ਅਮਲੇ ਸਮੇਤ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਘਰ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਘਰ ਖਾਲੀ ਕਰਨ ਲਈ ਕਿਹਾ, ਜਿਸ ’ਤੇ ਉਨ੍ਹਾਂ ਇਸ ਦਾ ਵਿਰੋਧ ਕੀਤਾ ਤੇ ਉਨ੍ਹਾਂ ਵੱਲੋਂ ਇਸ ਮਾਮਲੇ ’ਚ ਅਦਾਲਤ ’ਚ ਦਾਇਰ ਕੀਤੇ ਕੇਸ ਦਾ ਹਵਾਲਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਘਰ ਉਨ੍ਹਾਂ ਦੇ ਪਿਤਾ ਦੇ ਨਾਂ ’ਤੇ ਹੈ, ਜਿਨ੍ਹਾਂ ਖ਼ਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਹੈ, ਜਦਕਿ ਮੁਕੱਦਮਾ ਉਨ੍ਹਾਂ ਦੇ ਮੁੰਡੇ ਖ਼ਿਲਾਫ਼ ਦਰਜ ਹੈ। ਇਸ ’ਤੇ ਕਾਫੀ ਪੁੱਛ ਪੜਤਾਲ ਤੋਂ ਬਾਅਦ ਨਗਰ ਕੌਂਸਲ ਦੇ ਸੁਪਰਡੈਂਟ ਵਿਸ਼ਨੂੰ ਗਰਗ ਇਹ ਕਹਿ ਕੇ ਟੀਮਾਂ ਲੈ ਕੇ ਵਾਪਸ ਪਰਤ ਗਏ ਕਿ ਕਾਨੂੰਨੀ ਰਾਏ ਤੋਂ ਬਾਅਦ ਇਸ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਕੁਝ ਦੇਰ ਬਾਅਦ ਹੀ ਐੱਸਪੀ ਰਾਮਨਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਪੁਲਿਸ ਫੋਰਸ ਤੇ ਨਗਰ ਕੌਂਸਲ ਦਾ ਅਮਲਾ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵੱਡੇ ਲਾਮ ਲਸ਼ਕਰ ਨਾਲ ਮੁੜ ਮੁਹੱਲੇ ’ਚ ਪੁੱਜਾ। ਉਨ੍ਹਾਂ ਘਰ ’ਚ ਦਸਤਕ ਦਿੰਦਿਆਂ ਪਰਿਵਾਰਕ ਮੈਂਬਰਾਂ ਨੂੰ ਘਰ ਖਾਲੀ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਅਮਲੇ ਨੇ ਘਰ ਢਾਹੁਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਬਾਕਸ ਪੁਲਿਸ ਤੇ ਨਗਰ ਕੌਂਸਲ ਅਧਿਕਾਰੀ ਇਕ-ਦੂਸਰੇ ’ਤੇ ਸੁੱਟਦੇ ਰਹੇ ਗੱਲ ਜਗਰਾਓਂ ਦੇ ਮੁਹੱਲਾ ਰਾਣੀ ਵਾਲਾ ਖੂਹ ਵਿਖੇ ਘਰ ਢਾਹੁਣ ਆਈ ਟੀਮ ’ਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਆਪਸ ’ਚ ਹੀ ਅੱਜ ਦੀ ਕਾਰਵਾਈ ਲਈ ਇਕ-ਦੂਸਰੇ ਵੱਲੋਂ ਸੱਦਣ ਦਾ ਆਖਦੇ ਰਹੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਸੱਦਿਆ ਗਿਆ ਹੈ, ਜਦਕਿ ਨਗਰ ਕੌਂਸਲ ਦੇ ਅਧਿਕਾਰੀ ਕਿਰਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਲੈ ਕੇ ਆਈ ਹੈ। ਬਾਕਸ-- ਜਿਸ ਘਰ ਨੂੰ ਢਾਹਿਆ ਗਿਆ, ਉਸ ਦੇ ਬਾਹਰ ਭਾਜਪਾ ਆਗੂ ਦੀ ਨੇਮ ਪਲੇਟ ਮੁਹੱਲਾ ਰਾਣੀ ਵਾਲਾ ਖੂਹ ਵਿਖੇ ਜਿਸ ਘਰ ਨੂੰ ਢਾਹਿਆ ਗਿਆ ਉਸ ਦਾ ਮਾਲਕ ਅਜੈ ਗਿੱਲ ਹੈ। ਘਰ ਦੇ ਬਾਹਰ ਅਜੇ ਗਿੱਲ ਦੀ ਲੱਗੀ ਨੇਮ ਪਲੇਟ ’ਚ ਉਸ ਵੱਲੋਂ ਖੁਦ ਨੂੰ ਐੱਸਸੀ ਮੋਰਚਾ ਬੀਜੇਪੀ ਦਿਹਾਤੀ ਦਾ ਪ੍ਰਧਾਨ ਦੱਸਿਆ ਗਿਆ ਹੈ।