ਸ਼ਹਿਰ 'ਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਹੋਇਆ ਅਲੌਕਿਕ ਨਗਰ ਕੀਰਤਨ ਦਾ ਸਵਾਗਤ
ਸ਼ਹਿਰ 'ਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਹੋਇਆ ਅਲੌਕਿਕ ਨਗਰ ਕੀਰਤਨ ਦਾ ਨਿੱਘਾ ਸਵਾਗਤ
Publish Date: Fri, 21 Nov 2025 09:27 PM (IST)
Updated Date: Fri, 21 Nov 2025 09:28 PM (IST)

- ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ - - ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਹੋਇਆ ਸ੍ਰੀ ਫਤਹਿਗੜ੍ਹ ਸਾਹਿਬ ਲਈ ਹੋਇਆ ਰਵਾਨਾ ਹਿੰਦੀ ਦੀਆਂ ਫੋਟੋਆਂ ਦੇ ਨੰਬਰ 17, 18, 19, 20, 21 ਸਰ ਫੋਟੋਆਂ ਤੇ ਕੁਲਦੀਪ ਕਾਲਾ ਨਾਮ ਜਰੂਰ ਪਾ ਦੇਣਾ ਜੀ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਚ ਹਿੰਦ ਦੀ ਚਾਦਰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਦਾ ਸ਼ੁੱਕਰਵਾਰ ਤੜਕੇ ਲੁਧਿਆਣਾ ਪੁੱਜਣ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ। ਇਹ ਨਗਰ ਕੀਰਤਨ ਵੀਰਵਾਰ ਫਰੀਦਕੋਟ ਤੋਂ ਆਰੰਭ ਹੋ ਕੇ ਫਿਰੋਜ਼ਪੁਰ, ਮੋਗਾ, ਜਗਰਾਉਂ, ਮੁੱਲਾਂਪੁਰ ਹੁੰਦਿਆਂ ਹੋਇਆਂ ਸ਼ੁੱਕਰਵਾਰ ਤੜਕੇ ਫੀਲਡ ਗੰਜ ਸਥਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਲੁਧਿਆਣਾ ਪੁੱਜਿਆ, ਜਿੱਥੇ ਕੁਝ ਘੰਟਿਆਂ ਲਈ ਅਲੌਕਿਕ ਨਗਰ ਕੀਰਤਨ ਦਾ ਵਿਸ਼ਰਾਮ ਰਿਹਾ। ਨਗਰ ਕੀਰਤਨ ਨੂੰ ਵੀਰਵਾਰ ਸ਼ਾਮ 7 ਵਜੇ ਤੱਕ ਲੁਧਿਆਣਾ ਪੁੱਜਣਾ ਸੀ ਜਿਸ ਦੀ ਸੰਗਤਾਂ ਵੱਖ ਵੱਖ ਥਾਵਾਂ ਤੇ ਸਵਾਗਤੀ ਸਟਾਲ ਲਗਾਕੇ ਬੇਸਬਰੀ ਨਾਲ ਉਡੀਕ ਕਰ ਰਹੀਆਂ ਸਨ, ਪਰ ਨਗਰ ਕੀਰਤਨ ਦੇ ਪੁੱਜਣ ਵਿੱਚ ਕਈ ਘੰਟਿਆਂ ਦੀ ਦੇਰੀ ਹੋਣ ਦੇ ਬਾਵਜੂਦ ਵੀ ਸੰਗਤਾਂ ਆਪਣੀ ਥਾਂ ਤੇ ਪੂਰੀ ਰਾਤ ਸ਼ਰਧਾ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਰਹੀਆਂ ਅਤੇ ਤੜਕੇ ਨਗਰ ਕੀਰਤਨ ਦੇ ਲੁਧਿਆਣਾ ਸ਼ਹਿਰ ਦੀ ਹੱਦ ਵਿੱਚ ਦਾਖਲ ਹੁੰਦੇ ਹੀ ਸੰਗਤਾਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਹਿੱਸਿਆ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪੁੱਜਿਆ, ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਨਗਰ ਕੀਰਤਨ ਨੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਇਆ। ਇਸ ਦੌਰਾਨ ਕਮਿਸ਼ਨਰੇਟ ਪੁਲਿਸ ਨੇ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿੱਚ ਸ਼ਿਸ਼ੌਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਸਮੀ ਗਾਰਡ ਆਫ਼ ਆਨਰ ਦਿੱਤਾ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ, ਐਸਡੀਐਮ ਜਸਲੀਨ ਕੌਰ ਭੁੱਲਰ ਸਮੇਤ ਹੋਰ ਪਤਵੰਤੇ ਨਗਰ ਕੀਰਤਨ ਦੀ ਰਵਾਨਗੀ ਦੀ ਅਰਦਾਸ ਵਿੱਚ ਸ਼ਾਮਲ ਹੋਏ ਅਤੇ ਨਗਰ ਕੀਰਤਨ ਦੇ ਨਾਲ ਚੱਲੇ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੋਇਆ 22 ਨਵੰਬਰ ਨੂੰ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਲਈ ਮੁੱਖ ਯਾਦਗਾਰੀ ਸਮਾਗਮ 23 ਤੋਂ 25 ਨਵੰਬਰ ਤੱਕ ਪੰਜਾਬ ਸਰਕਾਰ ਵੱਲੋਂ ਵਿਸਤ੍ਰਿਤ ਪ੍ਰਬੰਧਾਂ ਹੇਠ ਉੱਥੇ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕ ਚੋਧਰੀ ਮਦਨ ਲਾਲ ਬੱਗਾ ਅਤੇ ਹੋਰਾਂ ਨੇ ਇਸ ਪਲ ਨੂੰ ਸੱਚਮੁੱਚ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਮਹਾਨ ਗੁਰੂ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਵਿੱਚ ਨਿਮਾਣੇ ਸੇਵਕ ਵਜੋਂ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਲਈ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਮਾਣ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਹਿੰਮਤ, ਸੱਚਾਈ ਅਤੇ ਵਿਸ਼ਵਵਿਆਪੀ ਭਾਈਚਾਰੇ ਦਾ ਮਾਰਗ ਰੌਸ਼ਨ ਕੀਤਾ। ਅੱਜ ਦੇ ਨੌਜਵਾਨਾਂ ਨੂੰ ਦਿਆਲਤਾ, ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਦੇ ਉਨ੍ਹਾਂ ਦੇ ਸਦੀਵੀ ਮੁੱਲਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਅੰਤਮ ਕੁਰਬਾਨੀ ਦਾ ਸਨਮਾਨ ਕਰਨ ਲਈ ਰਾਜ ਭਰ ਵਿੱਚ ਕਈ ਮਹੱਤਵਪੂਰਨ ਸਮਾਗਮ ਕਰ ਰਹੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੱਖਾਂ ਸ਼ਰਧਾਲੂਆਂ ਦੇ ਆਉਣ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ, ਜੋ ਇੱਕ ਸਹਿਜ ਅਤੇ ਆਰਾਮਦਾਇਕ ਅਨੁਭਵ ਨੂੰ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਹਰ ਪੰਜਾਬੀ ਲਈ ਬੜੇ ਮਾਣ ਕਰਨ ਦਾ ਮੌਕਾ ਹੈ, ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਹਿੱਸਾ ਲੈਣ ਅਤੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ। ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਾਰੇ ਰਸਤਿਆਂ ਨੂੰ ਮਨਮੋਹਕ ਫੁੱਲਾਂ ਨਾਲ ਸਜਾਇਆ ਗਿਆ ਸੀ। ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸਵਾਗਤੀ ਸਟਾਲ ਲਗਾਏ ਅਤੇ ਪੂਰੀ ਸ਼ਰਧਾ ਨਾਲ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ। ਇਸ ਦੌਰਾਨ ਲੁਧਿਆਣਾ ਦਾ ਵਾਤਾਵਰਣ ਧਾਰਮਿਕ ਜੋਸ਼ ਨਾਲ ਗੂੰਜ ਉੱਠਿਆ ਕਿਉਂਕਿ ਹਰ ਉਮਰ ਦੇ ਲੋਕਾਂ ਨੇ ਸਤਿਨਾਮ ਵਾਹਿਗੁਰੂ ਅਤੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਏ।