ਬਸ ਫਿਰ ਕੀ ਸੀ ਹਰ ਕੋਈ ਇੱਕ ਦੂਜੇ ’ਤੇ ਸੁੱਟਣ ਵਿਚ ਲੱਗਾ ਰਿਹਾ ਪਰ ਸੱਚਾਈ ਸਾਹਮਣੇ ਆਈ ਤਾਂ ਚੇਅਰਮੈਨ ਤੇਜਪਾਲ ਸਿੰਘ ਗਿੱਲ ਵੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੱਟ ਗਏ ਤੇ ਉਨ੍ਹਾਂ ਐੱਸਡੀਓ ਮਾਈਨਿੰਗ ਨੂੰ ਮੌਕੇ ’ਤੇ ਹੀ ਘੇਰਦਿਆਂ ਇਹ ਤੱਕ ਕਹਿ ਦਿੱਤਾ ਕਿ ਇਹ ਸਭ ਤੁਹਾਡੀ ਪੁਸ਼ਤਪਨਾਹੀ ’ਚ ਹੋ ਰਿਹਾ ਹੈ, ਕਾਰਵਾਈ ਵੀ ਥੋਡੇ ’ਤੇ ਹੋਣੀ ਚਾਹੀਦੀ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਇਹ ਲਾਲਚ ਨਹੀਂ ਤਾਂ ਹੋਰ ਕੀ ਹੈ। ਰੇਤੇ ਤੋਂ ਹੁੰਦੀ ਮੋਟੀ ਕਮਾਈ ਦੇ ਲਾਲਚੀਆਂ ਨੇ ਸਤਲੁਜ ਦਰਿਆ ’ਚ 50-50 ਫੁੱਟ ਉਚੇ ਬੰਨ੍ਹ ਮਾਰ ਕੇ ਰੇਤਾ ਕੱਢਣ ਲਈ ਪਾਣੀ ਦੀ ਚਾਲ ਤਕ ਬਦਲ ਕੇ ਨੇੜੇ ਰਹਿੰਦੀਆਂ ਹਜ਼ਾਰਾਂ ਜਾਨਾਂ ਤਕ ਖ਼ਤਰੇ ’ਚ ਪਾ ਦਿੱਤੀਆਂ। ਰੇਤ ਮਾਫ਼ੀਆ ਦੀ ਇਸ ਦਾਦਾਗਿਰੀ ਦੀ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਦੁਹਾਈ ਦਿੰਦੇ ਆ ਰਹੇ ਹਨ ਪਰ ਸ਼ਾਸਨ- ਪ੍ਰਸ਼ਾਸਨ ਕਿੱਥੇ ਆਮ ਬੰਦੇ ਦੀ ਸੁਣਦਾ?
ਅੱਜ ਪਨਗਰੇਨ ਦੇ ਚੇਅਰਮੈਨ ਤੇਜਪਾਲ ਸਿੰਘ ਗਿੱਲ ਪੁੱਜੇ ਤਾਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡਟੇ ਤਾਂ ਪੁਲਿਸ, ਪੰਜਾਬ ਮੰਡੀ ਬੋਰਡ, ਐੱਸਡੀਓ ਮਾਈਨਿੰਗ ਸਮੇਤ ਤਮਾਮ ਵਿਭਾਗਾਂ ਦੇ ਅਧਿਕਾਰੀਆਂ ਦੀ ਬੱਤੀ ਵਾਲੀਆਂ ਹੂਟਰ ਮਾਰਦੀਆਂ ਗੱਡੀਆਂ ਦੇ ਲਾਮ ਲਸ਼ਕਰ ਪਹੁੰਚ ਗਏ। ਬਸ ਫਿਰ ਕੀ ਸੀ ਹਰ ਕੋਈ ਇੱਕ ਦੂਜੇ ’ਤੇ ਸੁੱਟਣ ਵਿਚ ਲੱਗਾ ਰਿਹਾ ਪਰ ਸੱਚਾਈ ਸਾਹਮਣੇ ਆਈ ਤਾਂ ਚੇਅਰਮੈਨ ਤੇਜਪਾਲ ਸਿੰਘ ਗਿੱਲ ਵੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੱਟ ਗਏ ਤੇ ਉਨ੍ਹਾਂ ਐੱਸਡੀਓ ਮਾਈਨਿੰਗ ਨੂੰ ਮੌਕੇ ’ਤੇ ਹੀ ਘੇਰਦਿਆਂ ਇਹ ਤੱਕ ਕਹਿ ਦਿੱਤਾ ਕਿ ਇਹ ਸਭ ਤੁਹਾਡੀ ਪੁਸ਼ਤਪਨਾਹੀ ’ਚ ਹੋ ਰਿਹਾ ਹੈ, ਕਾਰਵਾਈ ਵੀ ਥੋਡੇ ’ਤੇ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੌਕੇ ’ਤੇ ਪੁੱਜੇ ਇਲਾਕੇ ਦੇ ਲੋਕਾਂ ਨੇ ਵੀ ਜਗਰਾਓਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੁੱਪੀ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀਆਂ ਸ਼ਿਕਾਇਤਾਂ, ਨਾਜਾਇਜ਼ ਮਾਈਨਿੰਗ ਦੀਆਂ ਭੇਜੀਆਂ ਵੀਡੀਓ ਸਭ ਦਿਖਾ ਦਿੱਤੀਆਂ ਤੇ ਦੱਸਿਆ ਕਿ ਕਾਰਵਾਈ ਤਾਂ ਕੀ ਕਰਨੀ, ਇਹ ਤਾਂ ਕੋਈ ਫੋਨ ਤੱਕ ਨਹੀਂ ਚੁੱਕਦੇ।
-- ਚੇਅਰਮੈਨ ਪਨਗਰੇਨ ਨੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਨੂੰ ਲਾ ਲਿਆ ਫੋਨ
ਗੋਰਸੀਆਂ ਖਾਨ ਮੁਹੰਮਦ ’ਚ ਸਤਲੁਜ ਦਰਿਆ ਨੂੰ ਬੰਨ੍ਹ ਮਾਰ ਕੇ ਹੋ ਰਹੀ ਮਾਈਨਿੰਗ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ’ਤੇ ਚੇਅਰਮੈਨ ਪਨਗਰੇਨ ਨੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਨੂੰ ਮੌਕੇ ’ਤੇ ਹੀ ਫੋਨ ਲਗਾ ਲਿਆ। ਉਨ੍ਹਾਂ ਇਸ ਗੱਲਬਾਤ ’ਚ ਦੱਸਿਆ ਕਿ ਰੇਤਾ ਕੱਢਣ ਲਈ ਖੱਡ ਜਲੰਧਰ ਦੀ ਹੱਦ ’ਚ ਮੰਨਜੂਰ ਹੋਈ ਹੈ, ਜਦਕਿ ਗੋਰਸੀਆਂ ਖਾਨ ਮੁਹੰਮਦ ਨਾਜਾਇਜ਼ ਰੇਤਾ ਕੱਢਿਆ ਜਾ ਰਿਹਾ ਹੈ। ਇਸ ਦੇ ਲਈ ਲੋਕਾਂ ਦੀ ਜਾਨ ਇਸ ਕਦਰ ਖ਼ਤਰੇ ’ਚ ਪਾ ਦਿੱਤੀ ਕਿ ਕੋਈ ਅਣਹੋਣੀ ਹੋਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਇਹੀ ਨਹੀਂ ਨਾਜਾਇਜ਼ ਮਾਈਨਿੰਗ ਰਾਹੀਂ ਕੱਢੇ ਜਾ ਰਹੇ ਰੇਤੇ ਦੇ ਟਿੱਪਰ ਓਵਰਲੋਡ ਕਰਕੇ ਕੱਢੇ ਜਾ ਰਹੇ ਹਨ, ਜਿਸ ਕਾਰਨ ਹਫ਼ਤਾ ਪਹਿਲਾਂ ਹੀ ਬਣੀਆਂ ਸੜਕਾਂ ਦੱਬ ਗਈਆਂ, ਸੀਵਰੇਜ ਸਿਸਟਮ ਖਰਾਬ ਹੋ ਗਿਆ, ਜਿਸ ਦੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
-- ਸਰ ! ਸਾਡੀ ਖੱਡ ਨਹੀਂ, ਜਲੰਧਰ ਦੇ ਜੇਈ ਮਨਪ੍ਰੀਤ ਦੀ ਹੈ
ਚੇਅਰਮੈਨ ਪਨਗਰੇਨ ਵੱਲੋਂ ਜਦੋਂ ਨਹਿਰੀ ਵਿਭਾਗ ਦੇ ਜੇਈ ਨਾਲ ਕੈਬਨਿਟ ਮੰਤਰੀ ਵਰਿੰਦਰ ਗੋਇਲ ਦੀ ਗੱਲ ਕਰਵਾਈ ਤਾਂ ਉਸ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਰ, ਇਹ ਸਾਡੀ ਖੱਡ ਨਹੀਂ, ਜਲੰਧਰ ਦੇ ਜੇਈ ਮਨਪ੍ਰੀਤ ਦੇ ਅਧੀਨ ਆਉਂਦੀ ਹੈ। ਉਨ੍ਹਾਂ ਮੰਨਿਆ ਕਿ ਸਤਲੁਜ ਦਰਿਆ ’ਚ ਬੰਨ੍ਹ ਮਾਰਿਆ ਗਿਆ ਹੈ।