ਸਾਹਿਤਕ ਮਿਲਣੀ ’ਚ ਰਚਨਾਵਾਂ ਦੇ ਦੌਰ ਨੇ ਬੰਨਿ੍ਹਆ ਰੰਗ
ਸਾਹਿਤ ਸਭਾ ਦੀ ਸਾਹਿਤਕ ਮਿਲਣੀ ’ਚ ਰਚਨਾਵਾਂ ਦੇ ਦੌਰ ਨੇ ਰੰਗ ਬੰਨਿ੍ਹਆ
Publish Date: Tue, 20 Jan 2026 06:51 PM (IST)
Updated Date: Wed, 21 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਏਕੋਟ : ਸਾਹਿਤ ਸਭਾ ਰਾਏਕੋਟ ਦੀ ਸਾਹਿਤਕ ਮਿਲਣੀ ’ਚ ਸਾਹਿਤਕਾਰਾਂ ਦੀਆਂ ਰਚਨਾਵਾਂ ਨੇ ਰੰਗ ਬੰਨਿ੍ਹਆ। ਮੰਗਲਵਾਰ ਨੂੰ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਕਲਸੀ ਫਰਨੀਚਰ ਹਾਊਸ ਵਿਖੇ ਹੋਈ। ਇਸ ਸਾਹਿਤਕ ਸ਼ਾਮ ਵਿੱਚ ਆਪੋ ਆਪਣੀਆਂ ਰਚਨਾਵਾਂ ਨਾਲ ਜਿੱਥੇ ਮਾਹੌਲ ਅਤੇ ਸਮੇਂ ਨੂੰ ਬੰਨਿਆ ਗਿਆ, ਉੱਥੇ ਹੀ ਪੰਜਾਬੀ ਸਾਹਿਤ ਨੂੰ ਉੱਚਾ ਚੱਕਣ ਅਤੇ ਬੱਚਿਆਂ ਅੰਦਰ ਪੰਜਾਬੀ ਸਾਹਿਤ ਪ੍ਰਤੀ ਪ੍ਰੇਮ ਭਰਨ ਅਤੇ ਆ ਰਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਉਪਰਾਲੇ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸਾਹਿਤਕ ਸ਼ਾਮ ਦੇ ਵਿੱਚ ਸੋਮਾ ਕਲਸੀਆਂ ਵੱਲੋਂ ਪਰਦੇਸੀ ਦਾ ਸੁਪਨਾ ਆਪਣੀ ਰਚਨਾ ਸੁਣਾਈ, ਜਗਦੇਵ ਸਿੰਘ ਕਲਸੀ ਦੀ ਰਚਨਾ ਸਮੇਂ ਦੀ ਕਦਰ ਮਨਰਾਜ ਸ਼ਰਮਾ ਵੱਲੋਂ ਗਾਈ ਗਈ। ਰਣਜੀਤ ਸਿੰਘ ਰਾਏ ਨੇ ਮਿੰਨੀ ਕਹਾਣੀ ਬੋਲਾਂ ਦਾ ਜਾਦੂ ਸੁਣਾਈ। ਮਾਸਟਰ ਪ੍ਰੀਤਮ ਸਿੰਘ ਬਰਮੀ ਵੱਲੋਂ ਭਾਰਤ ਮਾਂ ਗੀਤ ਗਾਇਆ ਗਿਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਬੂਟਾ ਸਿੰਘ ਹਰਦਾਸਪੁਰਾ ਵੱਲੋਂ ਆਪਣੇ ਸ਼ਬਦਾਂ ਦੇ ਨਾਲ ਲਗਾਕੇ ਰੰਗ ਬੰਨਿ੍ਹਆ। ਅਖੀਰ ਵਿੱਚ ਪ੍ਰਧਾਨ ਪਰਮਾਰ ਵੱਲੋਂ ਆਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ ਤੇ ਨਵੇਂ ਸਾਹਿਤ ਪ੍ਰੇਮੀਆਂ ਨੂੰ ਸਾਹਿਤ ਸਭਾ ਦਾ ਮੈਂਬਰ ਬਣਨ ਲਈ, ਸਾਹਿਤਕ ਮਿਲਣੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਸਲਾਹਕਾਰ ਮਾਸਟਰ ਜਗਦੀਪ ਸਿੰਘ, ਦਰਬਾਰਾ ਸਿੰਘ, ਜਗਦੇਵ ਸਿੰਘ ਕਲਸੀ, ਖਜਾਨਚੀ ਰਣਜੀਤ ਸਿੰਘ ਰਾਏ, ਜਨਰਲ ਸੈਕਟਰੀ ਮਾਸਟਰ ਪ੍ਰੀਤਮ ਸਿੰਘ ਬਰਮੀ, ਸੋਮਾ ਕਲਸੀਆਂ ਆਦਿ ਹਾਜ਼ਰ ਸਨ।