ਦੋ ਧੀਆਂ ਦਾ ਪਿਓ ਨਾਬਾਲਗ ਗੁਆਂਢਣ ਦੀ ਅਸ਼ਲੀਲ ਵੀਡੀਓ ਬਣਾ ਕੇ ਕਰਦਾ ਰਿਹਾ ਬਲੈਕਮੇਲ ਤੇ ਫਿਰ...
ਦੋ ਧੀਆਂ ਦੇ ਪਿਤਾ ਵੱਲੋਂ ਨਾਬਾਲਗ ਗੁਆਂਢਣ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੀ ਧਮਕੀ ਦੇ ਕੇ ਪੂਰੇ ਡੇਢ ਸਾਲ ਤਕ ਉਸ ਦੀ ਆਬਰੂ ਤਾਰਤਾਰ ਕਰ ਦੇਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।
Publish Date: Sun, 24 Mar 2019 05:14 PM (IST)
Updated Date: Mon, 25 Mar 2019 11:14 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਦੋ ਧੀਆਂ ਦੇ ਪਿਤਾ ਵੱਲੋਂ ਨਾਬਾਲਗ ਗੁਆਂਢਣ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੀ ਧਮਕੀ ਦੇ ਕੇ ਪੂਰਾ ਡੇਢ ਸਾਲ ਉਸ ਦੀ ਆਬਰੂ ਤਾਰਤਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਮੁਲਜ਼ਮ ਨੇ ਲੜਕੇ ਵਾਲਿਆਂ ਨੂੰ ਨਾਬਾਲਗ ਲੜਕੀ ਦੀ ਵੀਡੀਓ ਦਿਖਾ ਕੇ ਉਸ ਦਾ ਰਿਸ਼ਤਾ ਵੀ ਤੁੜਵਾ ਦਿੱਤਾ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੇ ਬਿਆਨਾਂ 'ਤੇ ਪ੍ਰੀਤ ਨਗਰ ਸ਼ਿਮਲਾਪੁਰੀ ਦੇ ਵਾਸੀ ਅਰਜੁਨ ਸਿੰਘ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਫਲੈਕਸ ਬੋਰਡ ਬਣਾਉਣ ਦਾ ਕੰਮ ਕਰਦਾ ਹੈ। 36 ਵਰ੍ਹਿਆਂ ਦਾ ਅਰਜੁਨ ਸਿੰਘ ਖੁਦ ਦੋ ਲੜਕੀਆਂ ਦਾ ਪਿਤਾ ਹੈ ਤੇ ਆਪਣੇ ਗੁਆਂਢ 'ਚ ਰਹਿਣ ਵਾਲੀ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਉੱਪਰ ਬੁਰੀ ਨਜ਼ਰ ਰੱਖਦਾ ਸੀ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਤਕਰੀਬਨ ਡੇਢ ਸਾਲ ਪਹਿਲਾਂ ਉਸ ਲੜਕੀ ਦੀ ਅਸ਼ਲੀਲ ਵੀਡੀਓ ਬਣਾਈ ਸੀ। ਕੁਝ ਦਿਨਾਂ ਬਾਅਦ ਉਸ ਨੇ ਲੜਕੀ ਨੂੰ ਵੀਡੀਓ ਦਿਖਾਈ ਤੇ ਸੋਸ਼ਲ ਮੀਡੀਆ 'ਤੇ ਪਾ ਦੇਣ ਦੀ ਧਮਕੀ ਦਿੱਤੀ। ਲੜਕੀ ਅਰਜੁਨ ਦੀ ਧਮਕੀ ਤੋਂ ਡਰ ਗਈ ਤੇ ਉਹ ਅਰਜੁਨ ਦੀ ਨਾਜਾਇਜ਼ ਮੰਗ ਅੱਗੇ ਝੁਕ ਗਈ। ਪੂਰੇ ਡੇਢ ਸਾਲ ਤਕ ਅਰਜੁਨ ਉਸ ਦੀ ਆਬਰੂ ਲੁੱਟਦਾ ਰਿਹਾ। ਹੁਣ ਜਦੋਂ ਲੜਕੀ ਨੂੰ ਇਕ ਚੰਗੇ ਪਰਿਵਾਰ ਦਾ ਰਿਸ਼ਤਾ ਆਇਆ ਤਾਂ ਉਸ ਦੇ ਮਾਪਿਆਂ ਨੇ ਰਿਸ਼ਤੇ ਲਈ ਹਾਮੀ ਭਰ ਦਿੱਤੀ। ਮੁਲਜ਼ਮ ਅਰਜੁਨ ਨੇ ਲੜਕੇ ਵਾਲਿਆਂ ਨੂੰ ਉਸ ਦੀ ਵੀਡੀਓ ਦਿਖਾ ਕੇ ਰਿਸ਼ਤਾ ਤੁੜਵਾ ਦਿੱਤਾ, ਜਿਸ ਤੋਂ ਬਾਅਦ ਲੜਕੀ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੀ ਦਿੱਤੀ।
ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਮੁਲਜ਼ਮ ਅਰਜੁਨ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਦਿੰਦਿਆਂ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।