ਢੀਠ ਹੋਇਆ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਮਾਰਨ ‘ਤੇ ਤੁਲਿਆ-ਸੰਤ ਸੀਚੇਵਾਲ
ਢੀਠ ਹੋਇਆ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਮਾਰਨ ‘ਤੇ ਤੁਲਿਆ-ਸੰਤ ਸੀਚੇਵਾਲ
Publish Date: Sat, 22 Nov 2025 07:42 PM (IST)
Updated Date: Sat, 22 Nov 2025 07:43 PM (IST)

ਢੀਠ ਹੋਇਆ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਮਾਰਨ ‘ਤੇ ਤੁਲਿਆ-ਸੰਤ ਸੀਚੇਵਾਲ - ਮਾਮਲਾ ਬੁੱਢਾ ਦਰਿਆ ਗਊ ਘਾਟ ਤੋਂ ਪਾਣੀ ਬਾਈਪਾਸ ਹੋਣ ਦਾ -ਸੀਚੇਵਾਲ ਪੰਪਿੰਗ ਸਟੇਸ਼ਨ ਦੀਆਂ ਬੰਦ ਪਈਆਂ ਮੋਟਰਾਂ ਤੋਂ ਸਖ਼ਤ ਨਰਾਜ਼ ਹੋਏ ਫੋਟੋ ਨੰਬਰ-17,18 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸ਼ਨੀਵਾਰ ਨੂੰ ਇੱਕ ਵਾਰ ਫੇਰ ਬੁੱਢਾ ਦਰਿਆ ਗਊ ਘਾਟ ਪੁਆਇੰਟ ਤੇ ਪੰਪਿੰਗ ਸਟੇਸ਼ਨ ਦੀਆਂ ਦੋ ਮੋਟਰਾਂ ਬੰਦ ਹੋਣ ਕਾਰਨ ਸੀਵਰ ਲਾਈਨਾਂ ਦਾ ਪਾਣੀ ਬਾਈਪਾਸ ਹੁੰਦਿਆਂ ਦੇਖ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਪ੍ਰਵਾਹੀ ਵਰਤ ਰਹੇ ਨਗਰ ਨਿਗਮ ਤੇ ਸੀਵਰ ਬੋਰਡ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਈ। ਸੀਚੇਵਾਲ ਨੇ ਕਿਹਾ ਕਿ ਉਕਤ ਦੋਨੋਂ ਵਿਭਾਗ ਲੋਕਾਂ ਨੂੰ ਜਹਿਰੀਲਾ ਪਾਣੀ ਪਰੋਸ ਕੇ ਮਾਰਨ ’ਤੇ ਤੁਲੇ ਹੋਏ ਹਨ। ਪੰਪਿੰਗ ਸਟੇਸ਼ਨ ਦੀਆਂ ਦੋ ਮੋਟਰਾਂ ਚਲਾਉਣ ਦੀ ਜਿੰਮੇਵਾਰੀ ਸੀਵਰੇਜ ਬੋਰਡ ਅਤੇ ਖਿਲਾੜੀ ਸੰਸਥਾ ਦੇ ਅਧਿਕਾਰੀਆਂ ਦੀ ਤੈਅ ਕੀਤੀ ਹੋਈ ਹੈ। ਅੱਜ ਮੁੜ ਦੋ ਮੋਟਰਾਂ ਬੰਦ ਹੋਣ ਕਾਰਨ ਸੰਤ ਸੀਚੇਵਾਲ ਨੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਬੋਰਡ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਨੀਅਤ ਦਾ ਖੁਲਾਸਾ ਕੀਤਾ ਕਿ ਕਿਵੇਂ ਸਰਕਾਰ ਵੱਲੋਂ 650 ਕਰੋੜ ਰੁਪਏ ਖਰਚ ਕਰਕੇ ਟਰੀਟਮੈਂਟ ਪਲਾਂਟ ਬਣਾਏ ਗਏ ਹਨ, ਪਰ ਫਿਰ ਵੀ ਗੰਦਾ ਪਾਣੀ ਸਿੱਧੇ ਤੌਰ ‘ਤੇ ਦਰਿਆ ਵਿੱਚ ਜਾ ਰਿਹਾ ਹੈ। ਇਸ ਦੇ ਨਾਲ਼ ਸੀਚੇਵਾਲ ਵੱਲੋਂ ਉਕਤ ਗੰਭੀਰ ਮਾਮਲੇ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਸੀਨੀਅਰ ਅਧਿਕਾਰੀ ਆਈਏਐਸ ਦੀਪਤੀ ਉਪਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਡੱਬੀ-ਪੰਚਾਂ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਦੱਸਣਯੋਗ ਹੈ ਕਿ ਉਕਤ ਸਮੱਸਿਆ ਨੂੰ ਲੈ ਕੇ ਪਹਿਲਾਂ ਵੀ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ 7 ਨਵੰਬਰ ਨੂੰ ਜਮਾਲਪੁਰ ਡਰੇਨ ‘ਤੇ ਲੱਗੇ ਪੰਪਿੰਗ ਸਟੇਸ਼ਨ ‘ਤੇ ਸਾਰੀਆਂ ਮੋਟਰਾਂ ਬੰਦ ਹੋਣ ਤੇ ਸੀਵਰ ਲਾਈਨਾਂ ਦਾ ਅਣਸੋਧਿਆ ਪਾਣੀ ਬੁੱਢਾ ਦਰਿਆ ’ਚ ਬਾਈਪਾਸ ਹੁੰਦੇ ਦੇਖ ਨਗਰ ਨਿਗਮ ਅਤੇ ਸੀਵਰ ਬੋਰਡ ਦੇ ਅਧਿਕਾਰੀਆਂ ਦੀ ਕਲਾਸ ਲਗਾਉਂਦੇ ਹੋਏ ਹਾਲਾਤਾਂ ਦੀ ਵੀਡੀਓ ਬਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਨੂੰ ਸੰਬੰਧਿਤ ਅਧਿਕਾਰੀਆਂ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ ਗਿਆ ਸੀ। ਬਾਵਜੂਦ ਇਸ ਦੇ ਮਾਮਲੇ ਦੇ 15 ਦਿਨਾਂ ਬਾਅਦ ਵੀ ਸਰਕਾਰਾਂ ਤੇ ਵਿਭਾਗਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ । ਸੰਤ ਸੀਚੇਵਾਲ ਵੱਲੋਂ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਭੱਟੀਆਂ ਐਸਟੀਪੀ ਨੂੰ ਜਾਣ ਵਾਲੇ ਪਾਣੀ ਨੂੰ ਗਊ ਘਾਟ ਪੰਪਿੰਗ ਸਟੇਸ਼ਨ ਵੱਲ ਭੇਜਣਾ ਬੰਦ ਕੀਤਾ ਜਾਵੇ। ਬਾਵਜੂਦ ਇਸਦੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਭਟੀਆਂ ਐਸਟੀਪੀ ਨੂੰ ਜਾਣ ਵਾਲੀ ਸੀਵਰ ਲਾਈਨ ਦੀ ਬਲੋਕੇਜ ਨੂੰ ਖੋਲ੍ਹਣ ਦੀ ਬਜਾਏ ਉਕਤ ਪੰਪਿੰਗ ਸਟੇਸ਼ਨ ਤੇ ਵਾਧੂ ਪਾਣੀ ਭੇਜਿਆ ਜਾ ਰਿਹਾ ਹੈ l ਜਿਸ ਕਾਰਨ ਪਾਣੀ ਓਵਰਫਲੋ ਹੋਣ ਕਾਰਨ ਬੁੱਢਾ ਦਰਿਆ ’ਚ ਬਿਨਾਂ ਟਰੀਟ ਡਿਸਪੋਜ਼ਲ ਹੋ ਰਿਹਾ ਹੈ l ਮਾਮਲੇ ਸਬੰਧੀ ਪੱਖ ਜਾਨਣ ਲਈ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਇੱਕਜੋਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਡੱਬੀ - ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਰੱਖਿਆ ਆਪਣਾ ਪੱਖ ਮਾਮਲੇ ਸਬੰਧੀ ਸੀਵਰੇਜ ਬੋਰਡ ਦੇ ਐਕਸੀਅਨ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਆਈਪੀਐਸ ਦੀਆਂ ਸਾਰੀਆਂ ਮੋਟਰਾਂ ਚੱਲ ਰਹੀਆਂ ਸਨ। ਉਕਤ ਮਾਮਲਾ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਤਿਆਰ ਕੀਤੇ ਗਏ ਸੀਚੇਵਾਲ ਮਾਡਲ ਪੰਪਿੰਗ ਸਟੇਸ਼ਨ ਦੀਆਂ ਮੋਟਰਾਂ ਨਾਲ ਸੰਬੰਧਿਤ ਹੈ ਜਿਸ ’ਚ ਕੁੱਲ ਤਿੰਨ ਮੋਟਰਾਂ ਲੱਗੀਆਂ ਹਨ। ਇਨਾਂ ’ਚੋਂ ਦੋ ਮੋਟਰਾਂ ਖਰਾਬ ਹੋਣ ਕਾਰਨ ਮੁਰੰਮਤ ਲਈ ਭੇਜੀਆਂ ਗਈਆਂ ਹਨ ਅਤੇ ਇੱਕ ਮੋਟਰ ਲਗਾਤਾਰ ਚੱਲ ਰਹੀ ਹੈ। ਸੀਵਰੇਜ ਲਾਈਨ ਦਾ ਪਾਣੀ ਬਾਈਪਾਸ ਸੰਬਧੀ ਉਨ੍ਹਾਂ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਨਗਰ ਨਿਗਮ ਵਿਭਾਗ ਵੱਲੋਂ ਭੱਟੀਆਂ ਐਸਟੀਪੀ ਦਾ 60 ਐਮਐਲਡੀ ਦੇ ਕਰੀਬ ਪਾਣੀ ਗਉਘਾਟ ਆਈਪੀਐਸ ਵੱਲ ਡਾਈਵਰਟ ਕੀਤਾ ਗਿਆ ਹੈ l ਜਿਸ ਦੇ ਪਿੱਛੇ ਦੇ ਕਾਰਨ ਸੰਜੀਵ ਡਾਇੰਗ ਦੇ ਕੋਲੋਂ ਭੱਟੀਆਂ ਐਸਟੀਪੀ ਨੂੰ ਜਾਂਦੀ ਸੀਵਰ ਲਾਈਨ ਦੀ ਬਲੋਕੇਜ ਹੋਣ ਦਾ ਦੱਸਿਆ ਜਾ ਰਿਹਾ ਹੈ l ਆਈਪੀਐਸ ਤੇ ਵਾਧੂ ਲੋੜ ਪੈਣ ਨਾਲ ਪਾਣੀ ਓਵਰਫਲੋ ਹੋ ਬੁੱਢਾ ਦਰਿਆ ’ਚ ਡਿਸਪੋਜਲ ਹੋਣਾ ਸ਼ੁਰੂ ਹੋ ਜਾਂਦਾ ਹੈ l ਇਸ ਦੇ ਨਾਲ ਨਗਰ ਨਿਗਮ ਵਿਭਾਗ ਵੱਲੋਂ ਆਈਪੀਐਸ ਚ ਆ ਰਹੀ ਸਾਲਿਡ ਵੇਸਟ ਤੇ ਗਾਰ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਸਮੇਂ ਤੋਂ ਪਹਿਲਾਂ ਹੀ ਪੰਪਿੰਗ ਸਟੇਸ਼ਨ ਦੀਆਂ ਮੋਟਰਾਂ ਖਰਾਬ ਹੋ ਰਹੀਆਂ ਹਨ। ਮੋਟਰਾਂ ਦੀ ਮੁਰੰਮਤ ਤੱਕ ਪਾਣੀ ਓਵਰਫਲੋ ਹੋਣ ਕਾਰਨ ਸੀਵਰ ਦਾ ਪਾਣੀ ਬੁੱਢਾ ਦਰਿਆ ਚ ਡਿਸਪੋਜਲ ਹੋਣ ਦੀ ਸਮੱਸਿਆ ਆ ਰਹੀ ਹੈ। ਬਲਰਾਜ ਨੇ ਕਿਹਾ ਬੋਰਡ ਵੱਲੋਂ ਉਕਤ ਸਮੱਸਿਆ ਦੇ ਕਾਰਨਾਂ ਅਤੇ ਨਿਵਾਰਨ ਸਬੰਧੀ ਸਾਰੇ ਸੁਝਾਵਾਂ ਸਬੰਧੀ ਸੰਸ਼ੇਪ ਚ ਰਿਪੋਰਟ ਬਣਾ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।