ਟੈਕਸਟਾਈਲ ਯੂਨਿਟ ’ਚ ਲੱਗੀ ਭਿਆਨਕ ਅੱਗ
ਟੈਕਸਟਾਈਲ ਯੂਨਿਟ ‘ਚ ਭਿਆਨਕ ਅੱਗ, ਛੇ ਫਾਇਰ ਟੈਂਡਰ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ਤੇ ਕਾਬੂ
Publish Date: Tue, 18 Nov 2025 08:43 PM (IST)
Updated Date: Wed, 19 Nov 2025 04:13 AM (IST)

6 ਫਾਇਰ ਟੈਂਡਰ ਨੇ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ’ਤੇ ਕਾਬੂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮੰਗਲਵਾਰ ਸਵੇਰੇ ਫੋਕਲ ਪੁਆਇੰਟ ਫੇਜ਼–8 ਵਿੱਚ ਇੱਕ ਟੈਕਸਟਾਈਲ ਪ੍ਰੋਸੈਸਿੰਗ ਯੂਨਿਟ ਰਜਿੰਦਰਾ ਡਾਇੰਗ ਦੀ ਪਹਿਲੀ ਮੰਜ਼ਿਲ ’ਤੇ ਭਿਆਨਕ ਅੱਗ ਲੱਗ ਗਈ। ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਤਿਆਰ ਕੱਪੜਾ ਪਿਆ ਸੀ, ਜਿਸ ਕਾਰਨ ਦੇਖਦੇ ਹੀ ਦੇਖਦੇ ਅੱਗ ਫੈਲ ਗਈ, ਪਰ ਫਾਇਰ ਬ੍ਰਿਗੇਡ ਦੀ ਸਮੇਂ ਸਿਰ ਕਾਰਵਾਈ ਨਾਲ ਅੱਗ ਨੂੰ ਪਹਿਲੀ ਮੰਜ਼ਿਲ ਤੱਕ ਹੀ ਸੀਮਿਤ ਰੱਖਿਆ ਗਿਆ। ਇਸ ਹਾਦਸੇ ਦੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਸਵੇਰੇ 10:05 ਵਜੇ ਫਾਇਰ ਕੰਟਰੋਲ ਰੂਮ ਨੂੰ ਅੱਗ ਦੀ ਕਾਲ ਮਿਲੀ, ਜਿਸ ਤੋਂ ਬਾਅਦ ਤੁਰੰਤ 6 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਫੈਕਟਰੀ ਦੇ ਕਰਮਚਾਰੀਆਂ ਨੇ ਪਹਿਲਾਂ ਖੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਦਸਾ ਐਂਨਾ ਭਿਆਨਕ ਸੀ ਕਿ ਉਨ੍ਹਾਂ ਦੇ ਯਤਨ ਨਾਕਾਫ਼ੀ ਸਾਬਤ ਹੋਏ। ਮੌਕੇ ਤੇ ਪਹੁੰਚੇ ਫਾਇਰਮੈਨਾਂ ਨੇ ਮੋਰਚਾ ਸੰਭਾਲਿਆ ਅਤੇ ਕਰੀਬ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੁਪਹਿਰ 12:35 ਵਜੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਮੌਕੇ ’ਤੇ ਰੈਸਕਿਊ ਦੀ ਅਗਵਾਈ ਕਰ ਰਹੇ ਲੀਡ ਫਾਇਰਮੈਨ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਸਿਰਫ ਪਹਿਲੀ ਮੰਜ਼ਿਲ ਤੱਕ ਹੀ ਸੀਮਿਤ ਰਹੀ ਗਰਾਊਂਡ ਫਲੋਰ ਨੂੰ ਅੱਗ ਤੋਂ ਪੂਰੀ ਤਰ੍ਹਾਂ ਸੁਰੱਖਿਤ ਕਰ ਲਿਆ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਯੂਨਿਟ ਦੇ ਫਾਇਰ ਸੇਫਟੀ ਪ੍ਰਬੰਧਾਂ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਅਨੁਸਾਰ ਯੂਨਿਟ ਦੇ ਆਕਾਰ ਮੁਤਾਬਕ ਅੱਗ ਸੁਰੱਖਿਆ ਦੇ ਪ੍ਰਬੰਧ ਬਹੁਤ ਹੀ ਅਧੂਰੇ ਸਨ, ਜਦੋਂਕਿ ਪਾਣੀ ਦੀ ਸਪਲਾਈ ਸਿਸਟਮ ਵੀ ਕਾਫ਼ੀ ਕਮਜ਼ੋਰ ਸੀ। ਅੱਗ ਭੜਕਣ ਦੇ ਕਾਰਨ ਅਤੇ ਹੋਰ ਨੁਕਸਾਨ ਦੀ ਜਾਂਚ ਜਾਰੀ ਹੈ।