ਗੱਤਾ ਫੈਕਟਰੀ ’ਚ ਭਿਆਨਕ ਅੱਗ, ਅੱਧੇ ਤੋਂ ਵੱਧ ਹਿੱਸਾ ਹੋਇਆ ਸੁਆਹ
ਗੱਤਾ ਫੈਕਟਰੀ ਵਿੱਚ ਭਿਆਨਕ ਅੱਗ, ਅੱਧੇ ਤੋਂ ਵੱਧ ਹਿੱਸਾ ਹੋਇਆ ਰਾਖ
Publish Date: Tue, 09 Dec 2025 10:49 PM (IST)
Updated Date: Wed, 10 Dec 2025 04:12 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਫੋਕਲ ਪੁਆਇੰਟ ਦੀ ਟੈਕਸਟਾਈਲ ਕਾਲੋਨੀ ’ਚ ਪੈਂਦੀ ਇੱਕ ਗੱਤਾ ਫੈਕਟਰੀ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਇਸ ਕਦਰ ਫੈਲੀ ਕਿ ਇਮਾਰਤ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਸਮਾਨ ਸੜ ਕੇ ਸੁਆਹ ਹੋ ਗਿਆ। ਸੰਘਣੀ ਆਬਾਦੀ ਵਾਲੇ ਇਲਾਕੇ ’ਚ ਅੱਗ ਲੱਗਣ ਦਾ ਇਹ ਹਾਦਸਾ ਵਾਪਰਨ ਤੇ ਆਸ-ਪਾਸ ਧੂੰਆਂ ਫੈਲਣ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਦੌਰਾਨ ਅੱਗ ਦੀਆਂ ਲਪਟਾਂ ’ਚੋਂ ਨਿਕਲ ਰਿਹਾ ਕਾਲਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਲਗਭਗ ਪੌਣੇ 9 ਵਜੇ ਦੇ ਕਰੀਬ ਵਾਪਰਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਫਾਇਰ ਸਟੇਸ਼ਨ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੌਸ਼ਿਸਾ ਸ਼ੁਰੂ ਕਰ ਦਿੱਤੀਆਂ। ਗੱਤਾ ਫੈਕਟਰੀ ’ਚ ਲੱਗੀ ਅੱਗ ਇਸ ਕਦਰ ਵੱਧ ਚੁੱਕੀ ਸੀ ਕਿ ਮੌਕੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਤਾਜਪੁਰ ਰੋਡ ਤੇ ਗਿੱਲ ਰੋਡ ਦੇ ਫਾਇਰ ਸਟੇਸ਼ਨਾਂ ਤੋਂ ਵਾਧੂ ਗੱਡੀਆਂ ਤੇ ਟੀਮਾਂ ਮੰਗਵਾਉਣੀਆਂ ਪਈਆਂ। ਫਾਇਰ ਬ੍ਰਿਗੇਡ ਦੀਆਂ ਟੀਮਾਂ ਪਾਣੀ ਦੇ ਜੈਂਟ ਤੇ ਫੋਮ ਦੀ ਮਦਦ ਨਾਲ ਲਗਾਤਾਰ ਅੱਗ ਬੁਝਾਉਣ ’ਚ ਜੁਟੀਆਂ ਰਹੀਆਂ। ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ ਗਿਆ ਪਰ ਰਾਖ ਹੇਠਾਂ ਦੀ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ’ਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਕਾਫੀ ਸਮਾਂ ਲੱਗ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫੈਕਟਰੀ ’ਚ ਮੌਜੂਦ ਵੱਡੀ ਮਾਤਰਾ ’ਚ ਜਲਣਸ਼ੀਲ ਪਦਾਰਥਾਂ ਦੇ ਹੋਣ ਕਾਰਨ ਨੁਕਸਾਨ ਬਹੁਤ ਵੱਡਾ ਹੋਇਆ ਹੈ। ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਪਰ ਫੈਕਟਰੀ ਦਾ ਅੱਧੇ ਤੋਂ ਵੱਧ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।